ਨਿਜੀ ਪੱਤਰ ਪ੍ਰੇਰਕ
ਸੰਗਰੂਰ, 27 ਜੁਲਾਈ
ਸੰਗਰੂਰ ਪੁਲੀਸ ਵੱਲੋਂ ਚੈਕਿੰਗ ਦੌਰਾਨ ਇੱਕ ਕਾਰ ਵਿੱਚੋਂ ਸੱਤ ਥੈਲਿਆਂ ’ਚ 70 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਿਆ। ਕਾਰ ਸਵਾਰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਉਸਦਾ ਸਾਥੀ ਮੌਕੇ ’ਤੋਂ ਭੱਜਣ ’ਚ ਸਫ਼ਲ ਹੋ ਗਿਆ। ਪੁਲੀਸ ਨੇ ਭੁੱਕੀ ਸਮੇਤ ਕਾਰ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਪ ਕਪਤਾਨ ਪੁਲੀਸ ਆਰ. ਅਜੇਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ-1 ’ਚ ਤਾਇਨਾਤ ਥਾਣੇਦਾਰ ਜਗਸੀਰ ਸਿੰਘ ਸਮੇਤ ਪੁਲੀਸ ਪਾਰਟੀ ਦੇ ਚੈਕਿੰਗ ਦੌਰਾਨ ਉਭਾਵਾਲ ਰੋਡ ਪੁਲ ਸੂਆ ਰਾਮਨਗਰ ਬਸਤੀ ਸੰਗਰੂਰ ਕੋਲ ਸੀ ਤਾਂ ਪੁਲੀਸ ਨੂੰ ਇੱਕ ਸਵਿਫ਼ਟ ਕਾਰ ਆਉਂਦੀ ਵਿਖਾਈ ਦਿੱਤੀ ਜਿਸ ’ਚ ਦੋ ਨੌਜਵਾਨ ਸਨ। ਜਦੋਂ ਪੁਲੀਸ ਪਾਰਟੀ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਇੱਕਦਮ ਬਰੇਕ ਲਗਾ ਕੇ ਕਾਰ ਨੂੰ ਪਿੱਛੇ ਮੋੜਨਾ ਚਾਹਿਆ ਪਰ ਥਾਣੇਦਾਰ ਜਗਸੀਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਦੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਜਦੋਂਕਿ ਉਸਦਾ ਸਾਥੀ ਭੱਜਣ ’ਚ ਕਾਮਯਾਬ ਹੋ ਗਿਆ। ਕਾਰ ਚਾਲਕ ਨੇ ਆਪਣਾ ਨਾਂ ਲਖਵਿੰਦਰ ਸਿੰਘ ਉਰਫ਼ ਲੱਖੀ ਵਾਸੀ ਹਰਿਆਊ ਥਾਣਾ ਲਹਿਰਾ ਜ਼ਿਲ੍ਹਾ ਸੰਗਰੂਰ ਜਦੋਂਕਿ ਸਾਥੀ ਦਾ ਨਾਂ ਗਗਨਦੀਪ ਸਿੰਘ ਵਾਸੀ ਸਮੁੰਦਗੜ੍ਹ ਛੰਨਾਂ ਥਾਣਾ ਸਦਰ ਧੂਰੀ ਦੱਸਿਆ। ਕਾਰ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 7 ਥੈਲੇ ਪਲਾਸਟਿਕ ਕੁੱਲ ਵਜ਼ਨ 70 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ-1 ਵਿਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਫ਼ਰਾਰ ਗਗਨਦੀਪ ਸਿੰਘ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।