ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਮਈ
ਸੰਗਰੂਰ ਪੁਲੀਸ ਵਲੋਂ ਇੰਡੀਅਨ ਆਇਲ ਡੰਪ ਨੇੜੇ ਤੇਲ ਚੋਰ ਮਾਫ਼ੀਆ ਖ਼ਿਲਾਫ਼ ਮੁੜ ਛਾਪੇ ਮਾਰੇ ਗਏ ਹਨ। ਇਸ ਦੌਰਾਨ ਪੁਲੀਸ ਵਲੋਂ ਤਿੰਨ ਤੇਲ ਟੈਂਕਰਾਂ ਸਮੇਤ 11000 ਲੀਟਰ ਪੈਟਰੋਲ, 4000 ਲੀਟਰ ਮਿਲਾਵਟੀ ਪੈਟਰੋਲ ਅਤੇ 3000 ਲੀਟਰ ਇਥਾਨੌਲ ਬਰਾਮਦ ਕੀਤਾ ਹੈ। ਇਥੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੰਡੀਅਨ ਆਇਲ ਡੰਪ ਨੇੜੇ ਵੱਖ-ਵੱਖ ਥਾਵਾਂ ’ਤੇ ਪੁਲੀਸ ਵਲੋਂ ਛਾਪੇ ਕੇ ਤਿੰਨ ਤੇਲ ਟੈਂਕਰਾਂ ਨੂੰ ਵੀ ਕਬਜ਼ੇ ਵਿਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪੁਲੀਸ ਵਲੋਂ ਥਾਣਾ ਸਦਰ ਸੰਗਰੂਰ ਵਿਖੇ ਕੇਸ ਦਰਜ ਕੀਤਾ ਗਿਆ ਸੀ ਜਿਸ ਤਹਿਤ ਛਾਪੇ ਮਾਰ ਕੇ ਇੰਡੀਅਨ ਆਇਲ ਡੰਪ ਦੇ ਨੇੜੇ ਵੱਖ-ਵੱਖ ਥਾਵਾਂ ਤੋਂ 11 ਹਜ਼ਾਰ ਲਿਟਰ ਪੈਟਰੋਲ, 4 ਹਜ਼ਾਰ ਲਿਟਰ ਮਿਲਾਵਟੀ ਪੈਟਰੋਲ ਅਤੇ 3 ਹਜ਼ਾਰ ਲਿਟਰ ਇਥਾਨੌਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਟੈਂਕਰਾਂ ਵਿਚੋਂ ਤੇਲ ਚੋਰੀ ਕਰਕੇ ਉਸ ਵਿਚ ਇਥਾਨੋਲ ਮਿਲਾ ਕੇ ਮਾਰਕੀਟ ਰੇਟ ਨਾਲੋਂ ਸਸਤੇ ਰੇਟ ’ਤੇ ਗੈਰਕਾਨੂੰਨੀ ਢੰਗ ਨਾਲ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਛਾਪੇ ਦੌਰਾਨ ਗੁਰਨਾਮ ਸਿੰਘ ਵਾਸੀ ਕੰਮੋਮਾਜਰਾ ਖੁਰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਵਿਕਰਮ ਸਿੰਘ ਉਰਫ਼ ਵਿੱਕੀ ਵਾਸੀ ਕੰਮੋਮਾਜਰਾ ਖੁਰਦ ਅਜੇ ਫ਼ਰਾਰ ਹੈ ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ੍ਰੀ ਸਿੱਧੂ ਨੇ ਦੱਸਿਆ ਕਿ ਬੀਤੀ 26 ਮਈ ਨੂੰ ਵੀ ਤੇਲ ਡੰਪ ਦੇ ਨੇੜੇ ਢਾਬਿਆਂ ਤੇ ਮਕਾਨਾਂ ’ਚ ਛਾਪੇ ਮਾਰ ਕੇ 8000 ਲੀਟਰ ਪੈਟਰੀਲੀਅਮ ਪਦਾਰਥ ਬਰਾਮਦ ਕੀਤੇ ਗਏ ਸਨ ਜੋ ਕਿ ਤੇਲ ਟੈਂਕਰਾਂ ਵਿਚੋਂ ਚੋਰੀ ਕੀਤਾ ਗਿਆ ਸੀ। 26 ਮਈ ਨੂੰ ਪੁਲੀਸ ਵਲੋਂ 6 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਦਾ ਮੁੱਖ ਕਥਿਤ ਮੁਲਜ਼ਮ ਰਕਾਬ ਉਰਫ਼ ਮਾਮੂ ਗਰੇਵਾਲ ਢਾਬੇ ਵਾਲੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਤੇਲ ਚੋਰ ਮਾਫ਼ੀਆ ਪਿਛਲੇ ਲੰਮੇ ਸਮੇਂ ਤੋਂ ਗੈਰਕਾਨੂੰਨੀ ਢੰਗ ਨਾਲ ਗੋਰਖ ਧੰਦਾ ਚਲਾ ਰਿਹਾ ਸੀ। ਤੇਲ ਚੋਰੀ ਕਰਕੇ ਇਹ ਸਮਾਜ ਵਿਰੋਧੀ ਅਨਸਰ ਮਿਲਾਵਟੀ ਤੇਲ ਵੇਚ ਕੇ ਵਾਹਨਾਂ ਦੀ ਮਸ਼ੀਨਰੀ ਨੂੰ ਨੁਕਸਾਨ ਪਹੁੰਚਾ ਰਹੇ ਸਨ।