ਨਿਜੀ ਪੱਤਰ ਪ੍ਰੇਰਕ
ਸੰਗਰੂਰ, 7 ਅਕਤੂਬਰ
ਜ਼ਿਲ੍ਹਾ ਸੰਗਰੂਰ ਬਲਾਕ ਅੰਨਦਾਣਾ ਤੇ ਮੂਨਕ ਵਿਚੋਂ ਲੰਘਦੇ ਘੱਗਰ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮੌਜੂਦਾ ਵਿੱਤੀ ਸਾਲ ਦੌਰਾਨ 59.60 ਲੱਖ ਰੁਪਏ ਖਰਚ ਕੀਤੇ ਗਏ ਹਨ। ਜ਼ਿਲ੍ਹੇ ’ਚੋਂ ਘੱਗਰ ਦਰਿਆ ਦੀ ਹੱਦ ਖਨੌਰੀ ਤੋਂ ਲੈ ਕੇ ਕੜੈਲ ਤੱਕ 40 ਕਿਲੋਮੀਟਰ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘੱਗਰ ਦਰਿਆ ਦੇ ਬੰਨ੍ਹ ਟੁੱਟਣ ਤੋਂ ਬਚਾਉਣ ਲਈ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਮਗਨਰੇਗਾ ਯੋਜਨਾ ਅਧੀਨ ਹੜ੍ਹਾਂ ਦੀ ਰੋਕਥਾਮ ਲਈ ਤੇ ਇਸਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਮਗਨਰੇਗਾ ਵਰਕਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੌਰਾਨ ਘੱਗਰ ਦਰਿਆ ਦੇ ਹੜ੍ਹਾਂ ਦੀ ਰੋਕਥਾਮ ਲਈ ਮਗਨਰੇਗਾ ਸਕੀਮ ਤਹਿਤ 60.00 ਲੱਖ ਰੁਪਏ ਦੀ ਲਾਗਤ ਨਾਲ ਲਗਪਗ 25000 ਦਿਹਾੜੀਆਂ ਜਨਰੇਟ ਕਰ ਕੇ ਮਗਨਰੇਗਾ ਲਾਭਪਾਤਰੀਆਂ ਨੂੰ ਰੁਜ਼ਗਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡਰੇਨ ਵਿਭਾਗ ਵੱਲੋਂ ਪਹਿਚਾਣੇ ਗਏ ਕਮਜ਼ੋਰ ਬੰਨ੍ਹਾਂ ਦੀ ਮਜਬੂਤੀ ਲਈ ਮਗਨਰੇਗਾ ਵਰਕਰਾਂ ਦੀ ਸਹਾਇਤਾ ਨਾਲ ਮਿੱਟੀ ਦੇ ਥੈਲਿਆਂ ਤੇ ਜਾਲਾਂ ਨਾਲ ਬੰਨ੍ਹਾਂ ਦੀ ਮਜਬੂਤੀ ਕੀਤੀ ਜਾ ਰਹੀ ਹੈ। ਜਿਸ ਵਿੱਚ ਲਗਭਗ ਸਬੰਧਤ ਵੱਖ ਵੱਖ ਗ੍ਰਾਮ ਪੰਚਾਇਤਾਂ ਦੇ ਮਗਨਰੇਗਾ ਵਰਕਰਾਂ (ਲਗਭਗ 800 ਮੈਨਡੇਜ਼ ਡੇਲੀ) ਦੁਆਰਾ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਬਲਾਕ ਅਨਦਾਣਾ ਵਿੱਚ ਕੁੱਲ 39 ਗ੍ਰਾਮ ਪੰਚਾਇਤਾਂ ਹਨ। ਇਸਦੀ ਕੁਲ ਆਬਾਦੀ ਲਗਪਗ 84000 ਹੈ। ਇਸ ਬਲਾਕ ’ਚ ਮਗਨਰੇਗਾ ਸਕੀਮ ਤਹਿਤ ਕੁੱਲ 8383 ਜਾਬ ਕਾਰਡ ਬਣਾਏ ਜਾ ਚੁੱਕੇ ਸਨ ਜਿਨ੍ਹਾਂ ਵਿੱਚੋਂ 6520 ਜੌਬ ਕਾਰਡ ਐਕਟਿਵ ਹਨ। ਉਨ੍ਹਾਂ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਨੂੰ ਥੈਲੇ ਭਰਨ ਲਈ ਮਿੱਟੀ ਵੀ ਉਪਲੱਬਧ ਕਰਵਾਈ ਗਈ।ਜਿਸ ਕਰਕੇ ਇਸ ਸਾਲ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਹੋਣ ਵਾਲੇ ਭਾਰੀ ਨੁਕਸਾਨ ਤੋਂ ਬਚਾਇਆ ਜਾ ਸਕਿਆ ਹੈ।