ਖੇਤਰੀ ਪ੍ਰਤੀਨਿਧ
ਪਟਿਆਲਾ, 31 ਜਨਵਰੀ
ਨਾਮਜ਼ਦਗੀਆਂ ਦੇ ਪੰਜਵੇਂ ਦਿਨ ਅੱਜ ਪਟਿਆਲਾ ਜ਼ਿਲ੍ਹੇ ’ਚ 55 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਦੱਸਿਆ ਕਿ ਅੱਜ ਨਾਮਜ਼ਦਗੀਆਂ ਭਰਨ ਵਾਲਿਆਂ ’ਚ ਪਟਿਆਲਾ ਸ਼ਹਿਰੀ ਹਲਕੇ ਲਈ ਕੈਪਟਨ ਅਮਰਿੰਦਰ ਸਿੰਘ, ‘ਆਪ’ ਦੇ ਅਜੀਤਪਾਲ ਕੋਹਲੀ, ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਨੌਂਨਿਹਾਲ ਸਿੰਘ ਸਮੇਤ ਮਾਲਵਿੰਦਰ ਸਿੰਘ ਤੇ ਜਗਦੀਸ਼ ਕੁਮਾਰ ਆਜ਼ਾਦ ਉਮੀਦਵਾਰ ਵੀ ਸ਼ਾਮਲ ਰਹੇ। ਪਟਿਆਲਾ ਦਿਹਾਤੀ ਹਲਕੇ ਤੋਂ ਪੀਐੱਲਸੀ ਤੋਂ ਮੇਅਰ ਸੰਜੀਵ ਬਿੱਟੂ, ‘ਆਪ’ ਦੇ ਡਾ. ਬਲਬੀਰ ਸਿੰਘ ਅਤੇ ਆਜ਼ਾਦ ਜਸਦੀਪ ਸਿੰਘ ਨਿੱਕੂ ਸਮੇਤ ਕੁਝ ਹੋਰਾਂ ਨੇ ਕਾਗਜ਼ ਦਾਖਲ ਕੀਤੇ।
ਪਟਿਆਲਾ ਵਿੱਚ ਹੀ ਘਨੌਰ ਹਲਕੇ ਲਈ ਕਾਂਗਰਸ ਦੇ ਮਦਨ ਲਾਲ ਜਲਾਲਪੁਰ, ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਭਾਜਪਾ ਤੋਂ ਵਿਕਾਸ ਸ਼ਰਮਾ ਆਦਿ। ਸਨੌਰ ਤੋਂ ਹਰਿੰਦਰਪਾਲ ਹੈਰੀਮਾਨ ਨੇ ਕਾਂਗਰਸ, ਹਰਿੰਦਰਪਾਲ ਚੰਦੂਮਾਜਰਾ ਨੇ ਅਕਾਲੀ ਦਲ, ਹਰਮੀਤ ਪਠਾਣਮਾਜਰਾ ਨੇ ‘ਆਪ’ ਅਤੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਪੀਐੱਲਸੀ ਦੇ ਉਮੀਦਵਾਰ ਵਜੋਂ ਕਾਗਜ਼ ਭਰੇ ਹਨ। ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਖੇੜਕੀ ਅਤੇ ਰਛਪਾਲ ਜੌੜਾਮਾਜਰਾ ਨੇ ਤਰਤੀਬਵਾਰ ਅਕਾਲੀ, ਪੀਐੱਲਸੀ ਅਤੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਵਜੋਂ ਫਾਰਮ ਭਰੇ ਹਨ। ਨਾਭਾ ਅਤੇ ਸ਼ੁਤਰਾਣਾ ’ਚ ਵੀ ਕਈਆਂ ਨੇ ਨਾਮਜਦਗੀ ਫਾਰਮ ਦਾਖਲ ਕੀਤੇ ਹਨ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰ ਭਰਨ ਦੀ ਚੱਲ ਰਹੀ ਪ੍ਰਕਿਰਿਆ ਤਹਿਤ ਅੱਜ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਨੇ ਕੁੱਲ 41 ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਨਾਮਜ਼ਦਗੀ ਪੱਤਰ ਭਰਨ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 85 ਹੋ ਚੁੱਕੀ ਹੈ ਜਦੋਂ ਕਿ ਭਲਕੇ ਪਹਿਲੀ ਫਰਵਰੀ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਦਾ ਆਖ਼ਰੀ ਦਿਨ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਅਧੀਨ ਪੈਂਦੇ ਪੰਜ ਵਿਧਾਨ ਸਭਾ ਹਲਕਿਆਂ ’ਚ 41 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਅੱਜ ਵੱਖ-ਵੱਖ ਹਲਕਿਆਂ ’ਚ ਦਾਖਲ ਕਰਵਾਏ ਨਾਮਜ਼ਦਗੀ ਪੱਤਰਾਂ ਵਿੱਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ 16, ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ 7, ਵਿਧਾਨ ਸਭਾ ਹਲਕਾ ਸੁਨਾਮ ਵਿੱਚ 6, ਵਿਧਾਨ ਸਭਾ ਹਲਕਾ ਧੂਰੀ ਵਿੱਚ 9 ਅਤੇ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ 3 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ’ਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਹੁਣ ਤੱਕ 85 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਚੁੱਕੇ ਹਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਤੋਂ ਸੰਯੁਕਤ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਐੱਸਡੀਐੱਮ ਤੇ ਚੋਣ ਅਧਿਕਾਰੀ ਲਹਿਰਾਗਾਗਾ ਨਵਰੀਤ ਕੌਰ ਸੇਖੋਂ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਢੀਂਡਸਾ ਨੇ ਕਰੋਨਾ ਨਿਯਮਾਂ ਤੇ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪੇਪਰ ਦਾਖਲ ਕੀਤੇ। ਬੀਬੀ ਗਗਨਦੀਪ ਕੌਰ ਢੀਂਡਸਾ ਨੇ ਕਵਰਿੰਗ ਨਾਮਜ਼ਦਗੀ ਦਾਖਲ ਕੀਤੀ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਸਤਵੰਤ ਸਿੰਘ ਖੰਡੇਬਾਦ ਤੇ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਚੋਣ ਅਧਿਕਾਰੀ ਦਫ਼ਤਰ ਪਹੁੰਚ ਕੇ ਕਵਰਿੰਗ ਵਜੋਂ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ। ਪ੍ਰਸ਼ਾਸਨ ਨੇ ਕਰੋਨਾ ਕਰਕੇ ਲਾਈ ਰੋਕ ਦੇ ਆਧਾਰ ’ਤੇ ਸਮਰਥਕਾਂ ਨੂੰ ਦੂਰ ਹੀ ਰੋਕ ਦਿੱਤਾ।
ਪਟਿਆਲਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਆਪਣੇ ਪਿਤਾ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਕੋਹਲੀ ਤੇ ਮਾਤਾ ਰਣਜੀਤ ਕੌਰ ਦਾ ਅਸ਼ੀਰਵਾਦ ਲੈ ਕੇ ਨਾਮਜ਼ਦਗੀ ਪੇਪਰ ਐੱਸਡੀਐੱਮ ਚਰਨਜੀਤ ਸਿੰਘ ਕੋਲ ਦਾਖਲ ਕੀਤੇ। ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਉਨਾ ਦੀ ਪਤਨੀ ਸਿਮਰਤ ਕੌਰ ਕੋਹਲੀ ਨੇ ਨਾਮਜਦਗੀ ਪੇਪਰ ਦਾਖਲ ਕੀਤੇ।
ਪਾਤੜਾਂ (ਪੱਤਰ ਪ੍ਰੇਰਕ): ਹਲਕਾ ਸ਼ੁਤਰਾਣਾ ਤੋਂ ਕਾਂਗਰਸ ਦੇ ਉਮੀਦਵਾਰ ਦਰਬਾਰਾ ਸਿੰਘ ਬਨਵਾਲਾ ਨੇ ਤਹਿਸੀਲ ਕੰਪਲੈਕਸ ਵਿੱਚ ਜਾ ਕੇ ਐੱਸਡੀਐੱਮ ਪਾਤੜਾਂ ਤੇ ਚੋਣ ਅਧਿਕਾਰੀ ਅੰਕੁੁਰਜੀਤ ਸਿੰਘ ਕੋਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸੇ ਤਰ੍ਹਾਂ ਹਲਕਾ ਸ਼ੁਤਰਾਣਾ ਤੋਂ ਪੀਐੱਲਸੀ ਤੇ ਭਾਜਪਾ ਦੇ ਉਮੀਦਵਾਰ ਨਾਰਾਇਣ ਸਿੰਘ ਨਰਸੌਤ ਨੇ ਤਹਿਸੀਲ ਕੰਪਲੈਕਸ ਵਿੱਚ ਜਾ ਕੇ ਐੱਸਡੀਐੱਮ ਪਾਤੜਾਂ ਕਮ ਚੋਣ ਅਧਿਕਾਰੀ ਅੰਕੁੁਰਜੀਤ ਸਿੰਘ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਰਾਜਪੁਰਾ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਪੰਜਵੇਂ ਦਿਨ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਜਗਦੀਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਰੰਜਨਾ ਵਰਮਾ ਨੇ ਕਵਰਿੰਗ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਡਾ. ਸੰਜੀਵ ਕੁਮਾਰ ਕੋਲ ਦਾਖਲ ਕੀਤੇ।
ਮਾਲੇਰਕੋਟਲਾ ਤੋਂ ਅੱਠ ਤੇ ਅਮਰਗੜ੍ਹ ਤੋਂ ਦੋ ਨਾਮਜ਼ਦਗੀਆਂ ਭਰੀਆਂ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਚੋਣ ਲੜ ਰਹੇ ਅੱਠ ਅਤੇ ਹਲਕਾ ਅਮਰਗੜ੍ਹ ਤੋਂ ਚੋਣ ਲੜ ਰਹੇ ਦੋ ਉਮੀਦਵਾਰਾਂ ਨੇ ਅੱਜ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਮਾਲੇਰਕੋਟਲਾ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਉਮੀਦਵਾਰ ਰਜ਼ੀਆ ਸੁਲਤਾਨਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਮੀਲ ਉਰ ਰਹਿਮਾਨ, ਅਕਾਲੀ ਦਲ (ਬ) ਦੇ ਨੁਸਰਤ ਅਲੀ ਖ਼ਾਂ, ਪੰਜਾਬ ਲੋਕ ਕਾਂਗਰਸ ਪਾਰਟੀ ਦੀ ਐਫ. ਨਿਸਾਰਾ ਖ਼ਾਤੂਨ, ਲੋਕ ਇਨਸਾਫ਼ ਪਾਰਟੀ ਦੇ ਮੁਹੰਮਦ ਅਨਵਰ ਤੋਂ ਇਲਾਵਾ ਆਜ਼ਾਦ ਉਮੀਦਵਾਰ ਮਹਿੰਦਰ ਸਿੰਘ, ਸੈਫ਼ ਉਰ ਇਸਮਾਈਲ ਅਤੇ ਮੁਹਮੰਦ ਜ਼ੂਬੈਰ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ। ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਕਾਂਗਰਸ ਦੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਕਵਰਿੰਗ ਉਮੀਦਵਾਰ ਵਜੋਂ ਨਿਸ਼ਾਂਤ ਅਖ਼ਤਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਮੀਲ-ਉਰ-ਰਹਿਮਾਨ ਦੇ ਕਵਰਿੰਗ ਉਮੀਦਵਾਰ ਵਜੋਂ ਫਰਿਆਲ ਰਹਿਮਾਨ ਅਤੇ ਅਕਾਲੀ ਦਲ (ਬ) ਦੇ ਉਮੀਦਵਾਰ ਨੁਸਰਤ ਅਲੀ ਖ਼ਾਂ ਦੇ ਕਵਰਿੰਗ ਉਮੀਦਵਾਰ ਵਜੋਂ ਮਾਰੀਆ ਖਾਨ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।