ਪੱਤਰ ਪ੍ਰੇਰਕ
ਦੇਵੀਗੜ੍ਹ, 11 ਜੂਨ
ਪੁਲੀਸ ਚੌਕੀ ਬਲਬੇੜਾ ਅਧੀਨ ਪਿੰਡ ਮਜਾਲ ਕਲਾਂ ਦੇ ਸ਼ਰਾਬ ਦੇ ਠੇਕੇ ਤੋਂ ਰਾਤ ਨੂੰ ਸ਼ਰਾਬ, ਬੀਅਰ ਅਤੇ ਨਕਦੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸ਼ਰਾਬ ਦੇ ਠੇਕੇਦਾਰ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਜਾਲ ਕਲਾਂ ਦੇ ਸ਼ਰਾਬ ਦੇ ਠੇਕੇ ’ਤੇ ਬੀਤੀ ਰਾਤ ਚੋਰ ਸ਼ਰਾਬ ਦੀਆਂ 50 ਪੇਟੀਆਂ, ਕੁਝ ਬੀਅਰ ਦੀਆਂ ਪੇਟੀਆਂ ਅਤੇ 2500 ਰੁਪਏ ਨਕਦੀ ਵੀ ਲੈ ਉੱਡੇ।
ਇਸ ਬਾਰੇ ਠੇਕੇਦਾਰ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ਦਾ ਕਰਿੰਦਾ ਸਵੇਰੇ ਜਦੋਂ ਠੇਕਾ ਖੋਲ੍ਹਣ ਆਇਆ ਤਾਂ ਪਤਾ ਲੱਗਾ ਕਿ ਠੇਕੇ ਦੇ ਬਾਹਰ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਲੱਗੇ ਸਨ। ਜਿਸ ਤੋਂ ਸ਼ੱਕ ਹੁੰਦਾ ਹੈ ਕਿ ਚੋਰ ਗੱਡੀ ’ਚ ਸ਼ਰਾਬ ਦੀਆਂ ਪੇਟੀਆਂ ਚੋਰੀ ਕਰਕੇ ਲੈ ਗਏ। ਜਿਸ ਸਬੰਧੀ ਪੁਲੀਸ ਚੌਕੀ ਬਲਬੇੜਾ ਨੂੰ ਸ਼ਰਾਬ ਦੀ ਚੋਰੀ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ’ਤੇ ਪੁਲੀਸ ਨੇ ਆਸ ਪਾਸ ਦੇ ਇਲਾਕੇ ਵਿੱਚ ਚੋਰਾਂ ਦੀ ਭਾਲ ਸ਼ੁਰੂ ਕੀਤੀ ਤਾਂ ਪਿੰਡ ਦੀ ਇੱਕ ਮੋਟਰ ’ਤੇ ਕੁਝ ਵਿਅਕਤੀ ਸ਼ਰਾਬ ਪੀਂਦੇ ਫੜੇ ਗਏ ਜਿਨ੍ਹਾਂ ਕੋਲੋਂ ਇੱਕ ਪੇਟੀ ਸ਼ਰਾਬ ਵੀ ਮਿਲੀ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਇਸ ਸ਼ਰਾਬ ਦੀ ਕੀਮਤ 2.50 ਲੱਖ ਰੁਪਏ ਬਣਦੀ ਹੈ। ਪੁਲੀਸ ਚੌਕੀ ਬਲਬੇੜਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋ ਵਿਅਕਤੀਆਂ ਤੋਂ ਇਸ ਬਾਰੇ ਪੁਛਗਿੱਛ ਕੀਤੀ ਜਾ ਰਹੀ ਹੈ।