ਮੁੱਖ ਅੰਸ਼
- ਧਰਨਾਕਾਰੀਆਂ ਨੇ ਪੁਲੀਸ ਕਾਰਵਾਈ ਨੂੰ ‘ਗੋਗਲੂਆਂ ਤੋਂ ਮਿੱਟੀ ਝਾੜਨਾ’ ਦੱਸਿਆ
- ਮਾਪਿਆਂ ਨੇ ਸੰਗਲਾਂ ਸੰਗਲਾਂ ਨਾਲ ਬੰਨ੍ਹੇ ਨਸ਼ਈ ਨੌਜਵਾਨ ਧਰਨੇ ਵਿੱਚ ਲਿਆਂਦੇ
ਬੀਰਬਲ ਰਿਸ਼ੀ
ਸ਼ੇਰਪੁਰ, 13 ਸਤੰਬਰ
ਫਤਿਹਗੜ੍ਹ ਪੰਜਗਰਾਈਆਂ ਦੀ ਪੰਚਾਇਤ ਤੇ ਮੋਹਤਬਰਾਂ ਵੱਲੋਂ ਕਸਬੇ ’ਚ ਵੱਡੀ ਪੱਧਰ ’ਤੇ ਚਿੱਟੇ ਦੀ ਵਿਕਰੀ ਸਬੰਧੀ ਨਸ਼ਾ ਵੇਚਣ ਵਾਲਿਆਂ ਦੇ ਨਾਵਾਂ ਸਮੇਤ ਪੁਲੀਸ ਨੂੰ ਦਿੱਤੇ ਦੋਸ਼ ਪੱਤਰ ਮਗਰੋਂ ਸ਼ੇਰਪੁਰ ’ਤੇ ‘ਚਿੱਟੇ’ ਦੇ ‘ਕਾਲੇ ਧੰਦੇ’ ਵਿੱਚ ਲਿਪਤ ਹੋਣ ਦਾ ਦਾਗ ਲੱਗ ਗਿਆ ਹੈ। ਥਾਣਾ ਸ਼ੇਰਪੁਰ ਦੀ ਪੁਲੀਸ ਨੇ ਅੱਜ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਹੈ। ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਪੁਲੀਸ ਨੇ ਸ਼ਿੰਦਰ ਕੌਰ ਤੇ ਕੁਲਵਿੰਦਰ ਕੌਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ 250 ਸੌ ਨਸ਼ੀਲੀਆਂ ਗੋਲੀਆਂ ਡਰੱਗ ਮਨੀ 12 ਸੌ ਕਰੰਸੀ ਨੋਟ ਸਮੇਤ ਬਰਾਮਦ ਕਰਵਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸੇ ਦੌਰਾਨ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਨੌਜਵਾਨਾਂ ਨੇ ਅੱਜ ਬਾਅਦ ਦੁਪਹਿਰ ਪੱਤੀ ਖਲੀਲ ਵਿਖੇ ਸ਼ੇਰਪੁਰ-ਬਰਨਾਲਾ ਸੜਕ ‘ਤੇ ਅਚਾਨਕ ਚੱਕਾ ਜਾਮ ਕਰ ਦਿੱਤਾ। ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਪੁਲੀਸ ਕਾਰਵਾਈ ਤੋਂ ਨਿਰਾਸ਼ ਲੋਕਾਂ ਨੇ ਅੱਜ ਫਿਰ ਆਮ ਵਾਂਗ ਚਿੱਟਾ ਵਿਕਣ ਦਾ ਦਾਅਵਾ ਕਰਦਿਆਂ ਮੂਕ ਦਰਸ਼ਕ ਬਣੀ ਪੁਲੀਸ ਦੀ ਕਾਰਗੁਜ਼ਾਰੀ ’ਤੇ ਸੁਆਲ ਚੁੱਕੇ।
ਧਰਨਾਕਾਰੀਆਂ ਵਿੱਚ ਸ਼ੁਮਾਰ ਜਗਸ਼ੀਰ ਖਾਂ ਜੱਗੀ, ਸ਼ੇਰ ਖਾਂ ਅਤੇ ਅਬਦੁਲ ਰਹਿਮਾਨ ਆਦਿ ਨੇ ਦੱਸਿਆ ਕਿ ਅੱਜ ਮੁੜ ਸ਼ੇਰਪੁਰ ਵਿੱਚ ਚਿੱਟਾ ਆਮ ਵਾਂਗ ਵਿਕਿਆ। ਉਨ੍ਹਾਂ ਸ਼ੇਰਪੁਰ ਤੋਂ ਚਿੱਟਾ ਖ਼ਰੀਦ ਕੇ ਲੈ ਕੇ ਗਏ ਦੋ ਨੌਜਵਾਨਾਂ ਦੇ ਪੈਰਾਂ ਨੂੰ ਸੰਗਲ ਬੰਨ੍ਹ ਕੇ ਧਰਨੇ ਵਿੱਚ ਲਿਆਂਦਾ। ਉਕਤ ਆਗੂਆਂ ਨੇ ਮੰਗ ਕੀਤੀ ਕਿ ਅੱਜ ਜਿਹੜੇ ਵਿਅਕਤੀ ਨੇ ਉਨ੍ਹਾਂ ਦੇ ਬੱਚਿਆਂ ਨੂੰ ਚਿੱਟਾ ਵੇਚਿਆ ਉਸ ’ਤੇ ਕਾਰਵਾਈ ਕੀਤੀ ਜਾਵੇ। ਸ਼ਾਮ ਸਾਢੇ ਕੁ ਛੇ ਵਜੇ ਸਾਰੇ ਧਰਨਾਕਾਰੀਆਂ ਨੇ ਆਪਣਾ ਧਰਨਾ ਸੜਕ ਤੋਂ ਸ਼ੇਰਪੁਰ ਥਾਣੇ ਵਿੱਚ ਤਬਦੀਲ ਕਰ ਦਿੱਤਾ ਜਿਸ ਮਗਰੋਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਧਰਨਾਕਾਰੀ ਸਬੰਧਤ ਵਿਅਕਤੀ ਦੀ ਤੁਰੰਤ ਗ੍ਰਿਫ਼ਤਾਰੀ ਲਈ ਬਜ਼ਿੱਦ ਸਨ। ਇਸ ਮੌਕੇ ਪੁੱਜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਐਸਐਚਓ ਸ਼ੇਰਪੁਰ ਨੂੰ ਤਿੱਖੇ ਸੁਆਲ ਕਰਦਿਆਂ ਕਿਹਾ ਕਿ ਨਾਮ ਚਿੱਟਾ ਵੇਚਣ ਵਾਲਿਆਂ ਦੇ ਦਿੱਤੇ ਜਾਂਦੇ ਹਨ ਤੇ ਪੁਲੀਸ ਗੋਲੀਆਂ ਦੇ ਪਰਚੇ ਦਰਜ ਕਰਕੇ ਮੁਲਜ਼ਮਾਂ ਦੀ ਢਾਲ ਬਣ ਕੇ ਵਿਚਰ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਇਹ ਮਾਮਲਾ ਐਸਟੀਐਫ਼ ਨੂੰ ਸੌਂਪੇ ਜਾਣ ਦੀ ਪੈਰਵੀ ਕੀਤੀ। ਕਿਸਾਨ ਆਗੂ ਤੇ ਐਸਐਚਓ ਦੇ ਤਕਰਾਰ ਮਗਰੋਂ ਧਰਨਾਕਾਰੀਆਂ ਨੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਜਿਸ ਮਗਰੋਂ ਮਜਬੂਰਨ ਪੁਲੀਸ ਸਬੰਧਤ ਵਿਅਕਤੀ ਦੀ ਗ੍ਰਿਫਤਾਰੀ ਲਈ ਰਵਾਨਾ ਹੋਈ। ਖ਼ਬਰ ਲਿਖੇ ਜਾਣ ਤੱਕ ਧਰਨਾਕਾਰੀ ਸ਼ੇਰਪੁਰ ਥਾਣੇ ਅੰਦਰ ਧਰਨੇ ’ਤੇ ਡਟੇ ਹੋਏ ਸਨ। ਮਾਮਲੇ ਦੇ ਆਈਓ ਗੁਰਪ੍ਰੀਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਜਦੋਂ ਗੋਲੀਆਂ ਫੜੀਆਂ ਨੇ ਫਿਰ ਗੋਲੀਆਂ ਦਾ ਹੀ ਪਰਚਾ ਦਰਜ ਕਰਾਂਗੇ। ਡੀਐਸਪੀ ਨਾਲ ਸੰਪਰਕ ਨਹੀਂ ਹੋ ਸਕਿਆ।