ਪੱਤਰ ਪ੍ਰੇਰਕ
ਲਹਿਰਾਗਾਗਾ, 9 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਇਕਾਈ ਭੁਟਾਲ ਕਲਾਂ ਦੀ ਮੀਟਿੰਗ ਪ੍ਰਧਾਨ ਰਾਮਫਲ ਸਿੰਘ ਦੀ ਅਗਵਾਈ ’ਚ ਹੋਈ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਏਕੇ ਸਦਕਾ ਦਿੱਲੀ ਸਮੇਤ ਪੰਜਾਬ ਵਿੱਚ ਲੱਗੇ ਧਰਨਿਆਂ ਕਾਰਨ ਕਿਸਾਨਾਂ ਦੀ ਜਿੱਤ ਹੋਈ ਹੈ, ਜਿਸ ਕਾਰਨ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਪਏ। ਉਨ੍ਹਾਂ ਕਿਹਾ ਕਿ ਹੁਣ ਵੀ ਬਾਕੀ ਰਹਿੰਦੀਆਂ ਮੰਗਾਂ ਸੰਯੁਕਤ ਮੋਰਚੇ ਵੱਲੋਂ ਮਨਵਾਉਣ ’ਤੇ 11 ਦਸੰਬਰ ਨੂੰ ਦਿੱਲੀ ਦੀਆਂ ਬਰੂਹਾਂ ਤੋਂ ਫਤਹਿ ਜਲੂਸ ’ਚ ਵਾਪਸ ਆਉਣਗੇ। ਉਨ੍ਹਾਂ ਨੇ ਨਹਿਰੀ ਵਿਭਾਗ ਅਤੇ ਬਿਜਲੀ ਵਿਭਾਗ ਨੂੰ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਲਗਾਤਾਰ ਦਿੱਤੀ ਜਾਵੇ ਅਤੇ ਬਿਜਲੀ ਦੇ ਕੱਟਾਂ ਤੋਂ ਨਿਜਾਤ ਦਿਵਾਈ ਜਾਵੇ ਕਿਉਂਕਿ ਕਣਕ ਨੂੰ ਪਾਣੀ ਲਾਉਣ ਦਾ ਸਮਾਂ ਹੈ। ਜੇਕਰ ਬਿਜਲੀ ਵਿਭਾਗ ਅਤੇ ਨਹਿਰੀ ਵਿਭਾਗ ਨੇ ਇਨ੍ਹਾਂ ਮੰਗਾਂ ਵੱਲ ਕੋਈ ਗੌਰ ਨਾ ਕੀਤੀ ਤਾਂ ਤਕੜਾ ਸੰਘਰਸ਼ ਵਿੱਢਿਆ ਜਾਵੇਗਾ।
ਲੱਡਾ ਟੌਲ ਪਲਾਜ਼ਾ ’ਤੇ ਧਰਨਾ ਜਾਰੀ
ਧੂਰੀ (ਖੇਤਰੀ ਪ੍ਰਤੀਨਿਧ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਕੋਲ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਹਰਪਾਲ ਸਿੰਘ ਪੇਧਨੀ ਦੀ ਅਗਵਾਈ ਹੇਠ 433ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੇ ਉਨ੍ਹਾਂ ਦੀ ਏਕਤਾ ਅੱਗੇ ਨਰਮ ਪੈ ਚੁੱਕੀ ਹੈ। ਉਨ੍ਹਾਂ ਕਿਹਾ ਕਿਸਾਨਾਂ ਦੇ ਅੰਦੋਲਨ ਵਿੱਚ ਲੋਕਾਂ ਤੋਂ ਇਲਾਵਾ ਹਰ ਵਰਗ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ, ਜਿਸ ਕਾਰਨ ਪਹਿਲਾਂ ਕੇਂਦਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਅਤੇ ਹੁਣ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਮੰਨਣ ਲਈ ਵਾ ਰਾਜ਼ੀ ਹੈ। ਉਨ੍ਹਾਂ ਕਿਹਾ ਕਿ ਇਹ ਏਕਤਾ ਇਸੇ ਤਰ੍ਹਾਂ ਹੀ ਬਣੀ ਰਹੇਗੀ।
ਦਿੱਲੀ ਤੋਂ ਪਰਤਦੇ ਕਿਸਾਨਾਂ ਦਾ ਸ਼ੰਭੂ ਬੈਰੀਅਰ ’ਤੇ ਹੋਵੇਗਾ ਸਵਾਗਤ
ਰਾਜਪੁਰਾ (ਪੱਤਰ ਪ੍ਰੇਰਕ): ਦਿੱਲੀ ਦੀਆਂ ਬਰੂਹਾਂ ’ਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਸਮੇਤ ਹੋਰ ਕਿਸਾਨੀ ਮੰਗਾਂ ਲਈ ਕਰੀਬ ਸਾਢੇ 12 ਮਹੀਨਿਆਂ ਤੋਂ ਬੈਠੇ ਕਿਸਾਨਾਂ ਦਾ ਅੰਦੋਲਨ ਜਿੱਤਣ ਉਪਰੰਤ ਆਪਣੇ ਘਰਾਂ ਨੂੰ ਪਰਤਣ ਮੌਕੇ 11 ਦਸੰਬਰ ਨੂੰ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਗੁਲਜਾਰ ਸਿੰਘ ਸਲੇਮਪੁਰ, ਧਰਮਪਾਲ ਸਿੰਘ ਸੀਲ, ਪਵਨ ਕੁਮਾਰ ਸੋਗਲਪੁਰ, ਜੰਗ ਸਿੰਘ ਭਟੇੜੀ, ਚਰਨਜੀਤ ਸਿੰਘ ਝੁੰਗੀਆਂ ਆਦਿ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ ਜਿੱਤ ਇਤਿਹਾਸਕ ਜਿੱਤ ਹੈ, ਜਿਸ ਵਿੱਚ ਸਮਾਜ ਦੇ ਹਰ ਵਰਗ ਨੇ ਸ਼ਾਮਲ ਹੋ ਕੇ ਇਸ ਨੂੰ ਜਨ ਅੰਦੋਲਨ ਬਣਾਇਆ ਅਤੇ ਕਾਰਪੋਰੇਟ ਪੱਖੀ ਮੋਦੀ ਸਰਕਾਰ ਨੂੰ ਝੁੱਕਣਾ ਪਿਆ।