‘ਮੋਦੀ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ’

‘ਮੋਦੀ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ’

ਖੇੜੀ ਰਿਲਾਇੰਸ ਪੰਪ ਅੱਗੇ ਚੱਲ ਰਹੇ ਰੋਸ ਧਰਨੇ ਨੂੰ ਸੰਬੋਧਨ ਕਰਦੀ ਹੋਈ ਬੀਬੀ ਰੁਪਿੰਦਰ ਕੌਰ।

ਗੁਰਦੀਪ ਸਿੰਘ ਲਾਲੀ

ਸੰਗਰੂਰ, 29 ਨਵੰਬਰ

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਮੋਰਚੇ ਤੋਂ ਇਲਾਵਾ ਪੰਜਾਬ ਵਿੱਚ ਵੀ ਮੋਰਚੇ ਲਗਾਤਾਰ ਜਾਰੀ ਹਨ। ਕਰੀਬ ਦੋ ਮਹੀਨਿਆਂ ਤੋਂ ਚੱਲ ਰਹੇ ਮੋਰਚਿਆਂ ’ਚ ਡਟੀਆਂ ਕਿਸਾਨ ਬੀਬੀਆਂ ਮੋਦੀ ਸਰਕਾਰ ਖ਼ਿਲਾਫ਼ ਗਰਜ ਰਹੀਆਂ ਹਨ ਅਤੇ ਠੰਢ ਦੇ ਬਾਵਜੂਦ ਕਿਸਾਨ ਬੀਬੀਆਂ ਵੱਡੀ ਤਾਦਾਦ ’ਚ ਚੱਲ ਰਹੇ ਰੋਸ ਧਰਨਿਆਂ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਇਥੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆਂ ਅਤੇ ਖੇੜੀ ਰਿਲਾਇੰਸ ਪੰਪ ਅੱਗੇ ਰੋਸ ਧਰਨਿਆਂ ’ਚ ਕਿਸਾਨ ਬੀਬੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। 

ਇਨ੍ਹਾਂ ਦੋਵੇਂ ਮੋਰਚਿਆਂ ਵਿੱਚ ਕਿਸਾਨ ਬੀਬੀਆਂ ਵੱਲੋਂ ਮੋਦੀ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਦਿੱਲੀ ਮੋਰਚੇ ’ਤੇ ਗਏ ਪੰਜਾਬ ਦੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾ ਕੇ ਅਤੇ ਮੋਦੀ ਸਰਕਾਰ ਦੀ ਆਕੜ ਭੰਨ੍ਹ ਕੇ ਹੀ ਵਾਪਸ ਪਰਤਣਗੇ ਅਤੇ ਇਥੇ ਚੱਲ ਰਹੇ ਮੋਰਚਿਆਂ ਵਿਚ ਵੀ ਕਿਸਾਨਾਂ ਦੇ ਮੁੜਨ ਤੱਕ ਕਿਸਾਨ ਬੀਬੀਆਂ ਡਟੀਆਂ ਰਹਿਣਗੀਆਂ। ਖੇੜੀ ਰਿਲਾਇੰਸ ਪੰਪ ਅੱਗੇ ਭਰਵੇਂ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਬੀ ਰੁਪਿੰਦਰ ਕੌਰ ਰਿੰਪੀ ਨੇ ਕਿਹਾ ਕਿ ਖੇਤੀ ਮਾਰੂ ਕਾਨੂੰਨਾਂ ਨਾਲ ਦੇਸ਼ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਅਣਖ ਨੂੰ ਵੰਗਾਰਿਆ ਹੈ। ਪੰਜਾਬ ਦੇ ਅਣਖੀ ਕਿਸਾਨ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਕੋਈ ਹੋਰ ਕਬਜ਼ਾ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਮੋਦੀ ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਮੋਦੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਤੇ ਸਮੁੱਚੇ ਦੇਸ਼ ਦੇ ਲੋਕਾਂ ਦੀ ਇਸ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਭੁਲੇਖਾ ਸੀ ਕਿ ਪੰਜਾਬ ਦੇ ਕਿਸਾਨ ਚੁੱਪ ਕਰਕੇ ਇਹ ਸਭ ਬਰਦਾਸ਼ਤ ਕਰ ਲੈਣਗੇ ਪਰ ਖੇਤੀ ਕਾਨੂੰਨ ਰੱਦ ਹੋਣ ਤੱਕ  ਕਿਸਾਨ ਅੰਦੋਲਨ ਜਾਰੀ ਰਹੇਗਾ। ਭਾਜਪਾ ਆਗੂ ਦੇ ਘਰ ਅੱਗੇ ਕਿਸਾਨ ਬੀਬੀਆਂ ਗੁਰਮੇਲ ਕੌਰ ਤੇ ਚਰਨਜੀਤ ਕੌਰ ਨੇ ਕਿਹਾ ਕਿ ਪੰਜਾਬ ਤੋਂ ਉਠਿਆ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਰਿਹਾ ਹੈ ਤੇ ਪੰਜਾਬ ਦੇ ਅਣਖੀਂ ਕਿਸਾਨਾਂ ਦੇ ਜੋਸ਼ ਨੇ ਹੋਰ ਰਾਜਾਂ ਦੇ ਕਿਸਾਨਾਂ ਦੇ ਹੌਸਲੇ ਵੀ ਬੁਲੰਦ ਕੀਤੇ ਹਨ ਜੋ ਕਿ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਵਹੀਰਾਂ ਘੱਤ ਕੇ ਪੁੱਜਣੇ ਸ਼ੁਰੂ ਹੋ ਗਏ ਹਨ। 

 ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਮੰਗਵਾਲ ਤੇ ਗੋਬਿੰਦਰ ਸਿੰਘ ਬਡਰੁੱਖਾਂ ਨੇ ਕਿਹਾ ਕਿ  ਰੋਸ ਧਰਨਿਆਂ ’ਚ ਕਿਸਾਨ ਬੀਬੀਆਂ, ਬਜ਼ੁਰਗ ਤੇ ਛੋਟੀ ਉਮਰ ਦੇ ਬੱਚੇ ਵੀ ਮੋਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਸ਼ਮੂਲੀਅਤ ਕਰ ਰਹੇ ਹਨ ਜਿਸਤੋਂ ਸਪਸ਼ਟ ਹੈ ਕਿ ਪੰਜਾਬ ਵਿੱਚ ਕਿਸਾਨੀ ਦੇ ਹੱਕ ਵਿੱਚ ਉਠੀ ਆਵਾਜ਼ ਲੋਕ ਲਹਿਰ ਬਣ ਚੁੱਕੀ ਹੈ ਜੋ ਦਿੱਲੀ ਹਕੂਮਤ ਨੂੰ ਝੁਕਾ ਕੇ ਰਹੇਗੀ। ਇਹਨ੍ਹਾਂ ਧਰਨਿਆਂ ’ਚ ਹਾਕਮ ਸਿੰਘ ਖੇੜੀ, ਜਗਦੇਵ ਸਿੰਘ ਮੰਗਵਾਲ, ਕਰਨੈਲ ਸਿੰਘ ਫੌਜੀ, ਲਾਭ ਸਿੰਘ ਖੁਰਾਣਾ, ਹਰਦਿਆਲ ਸਿੰਘ ਕੰਮੋਮਾਜਰਾ, ਕਰਨੈਲ ਸਿੰਘ ਮੰਗਵਾਲ, ਨਿਰਭੈ ਸਿੰਘ, ਨਿਰਮਲ ਸਿੰਘ ਆਦਿ ਸ਼ਾਮਲ ਸਨ। 

ਕੈਪਟਨ ਨੇ ਖੱਟਰ ਨੂੰ ਢੁਕਵਾਂ ਜਵਾਬ ਦਿੱਤਾ: ਚੂੜਲ

 ਲਹਿਰਾਗਾਗਾ (ਪੱਤਰ ਪ੍ਰੇਰਕ) ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਕਿਸਾਨ ਹਿਤੈਸ਼ੀ ਹੈ ਜਿਸ ਦਾ ਇਕ ਵਾਰ ਫਿਰ  ਸਬੂਤ ਉਸ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੰਗਾਰ ਕੇ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਸੈੱਲ ਸੰਗਰੂਰ ਪ੍ਰਿੰ. ਕੁਲਦੀਪ ਸਿੰਘ ਚੂੜਲ ਨੇ ਕਿਹਾ ਕਿ ਕੇਂਦਰ ਦੀ ਕਿਸਾਨ ਮਾਰੂ ਸਰਕਾਰ ਨੂੰ ਜਗਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਕਿਸੇ ਵੀ ਜਥੇਬੰਦੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ ਤੇ ਨਾ ਹੀ ਕਿਤੇ ਜਾਨ ਮਾਲ ਦਾ ਕੋਈ ਨੁਕਸਾਨ ਹੋਇਆ ਹੈ। ਜਦੋਂ ਕਿਸਾਨ ਜਥੇਬੰਦੀਆਂ ਦਾ ਨਿਸ਼ਾਨਾ ਦਿੱਲੀ ਪਹੁੰਚ ਕੇ ਕੇਂਦਰ ਦੀ ਸਰਕਾਰ ਕੋਲ ਆਪਣਾ ਰੋਸ ਦਰਜ ਕਰਵਾਉਣ ਦਾ ਸੀ ਤਾਂ ਹਰਿਆਣਾ ਸਰਕਾਰ ਵੱਲੋਂ  ਉਨ੍ਹਾਂ ’ਤੇ ਜਬਰ ਕਰਦਿਆਂ ਰੋਕਣ ਦੀਆਂ ਕੋਸ਼ਿਸ਼ਾਂ ਕਿਉਂ ਕੀਤੀਆਂ ਗਈਆਂ? ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ  ਮਨੋਹਰ ਲਾਲ ਖੱਟਰ ਸਰਕਾਰ ਨੂੰ ਜੋ ਵੰਗਾਰ ਦਿੱਤੀ ਗਈ ਹੈ ਉਹ ਬਹੁਤ ਸ਼ਲਾਘਾਯੋਗ ਹੈ। ਪ੍ਰਿੰ. ਚੂੜਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਆਰਡੀਨੈਂਸਾਂ ਰਾਹੀਂ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ। ਪੰਜਾਬ ਉਹ ਸੂਬਾ ਹੈ ਜਿਸ ਨੇ ਹਰੀ ਕ੍ਰਾਂਤੀ ਲਿਆ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੇ ਕਿਰਤ ਕੀਤੀ। ਕੇਂਦਰ ਦੇ ਆਰਡੀਨੈਂਸ ਸਿਰਫ਼ ਕਿਸਾਨ ਵਿਰੋਧੀ ਹੀ ਨਹੀਂ ਹਨ ਸਗੋਂ ਸਮੁੱਚੇ ਪੰਜਾਬ ਵਿਰੋਧੀ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All