ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਮਈ
ਐੱਨਜੀਓ ‘ਜਾਗਦਾ ਪੰਜਾਬ’ ਲਿਫ਼ਾਫ਼ੇ ਵੇਚਕੇ ਪਰਿਵਾਰ ਦਾ ਗੁਜ਼ਾਰਾ ਅਤੇ ਆਪਣੇ ਪਿਤਾ ਦਾ ਇਲਾਜ ਕਰਵਾਉਣ ਵਾਲੀ 13 ਸਾਲਾ ਲੜਕੀ ਰੱਜੀ ਰਾਧਾ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਲਈ ਅੱਗੇ ਆਇਆ ਹੈ। ਐੱਨਜੀਓ ਦੇ ਜਨਰਲ ਸਕੱਤਰ ਅਤੇ ਭੰਗੜਾ ਤੇ ਗਾਇਕ ਪਰਮਜੀਤ ਸਿੰਘ ਸਿੱਧੂ ਪੰਮੀ ਬਾਈ ਨੇ ਇੱਥੇ ਆ ਕੇ ਰੱਜੀ ਨੂੰ ਅਪਣਾਇਆ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਪੰਜਾਬ ਵਿੱਚ ਕੋਈ ਵੀ ਗਰੀਬ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਪਿਛਲੇ ਦਿਨ ਪਿੰਡ ਗਾਗਾ ’ਚ ਕਈ ਲੜਕੀਆਂ ਨੂੰ ਸੰਸਥਾ ਨੇ ਅਪਣਾਇਆ ਹੈ।
ਜ਼ਿਕਰਯੋਗ ਹੈ ਕਿ ਰੱਜੀ ਪੜ੍ਹਾਈ ਦੇ ਨਾਲ-ਨਾਲ ਲਿਫ਼ਾਫ਼ੇ ਬਣਾ ਕੇ ਤੇ ਵੇਚਕੇ ਆਪਣੇ ਪਿਤਾ ਦਾ ਇਲਾਜ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਸੀ। ਇਸ ਬਾਰੇ ਜਾਣਕਾਰੀ ਮਿਲਣ ’ਤੇ ਸੰਸਥਾ ਨੇ ਲਹਿਰਾਗਾਗਾ ਪਹੁੰਚ ਕੇ ਇਸ ਬੱਚੀ ਦੀ ਉੱੱ ਵਿੱਦਿਆ ਤੱਕ ਦਾ ਸਾਰਾ ਖਰਚਾ ਆਪਣੇ ਸਿਰ ਲੈ ਲਿਆ ਹੈ। ਪੰਮੀ ਬਾਈ ਨੇ ਬੱਚੀ ਦੇ ਪਿਤਾ ਦਾ ਇਲਾਜ ਵੀ ‘ਜਾਗਦਾ ਪੰਜਾਬ’ ਵੱਲੋਂ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਜ਼ੋਨ ਪ੍ਰਧਾਨ ਰਣਜੀਤ ਸਿੰਘ, ਸੀਨੀਅਰ ਆਗੂ ਜਸਵਿੰਦਰ ਸਿੰਘ ਸੁਨਾਮੀ, ਮਨਿੰਦਰ ਸਿੰਘ ਲਖਮੀਰਵਾਲਾ, ਗੋਪਾਲ ਜਿੰਦਲ ਜਖੇਪਲ, ਲੱਕੀ ਖੋਖਰ, ਪ੍ਰਗਟ ਸਿੰਘ ਗਾਗਾ ਅਤੇ ‘ਜਾਗਦਾ ਪੰਜਾਬ’ ਦੀ ਟੀਮ ਦੇ ਮੁੱਖ ਆਗੂ ਹਾਜ਼ਰ ਸਨ।