ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਮਈ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਹੋਈ ਲੋਕ ਵਿਰੋਧੀ ਸਰਕਾਰ ਕਰਾਰ ਦਿੱਤਾ ਹੈ ਅਤੇ ਅੱਛੇ ਦਿਨਾਂ ਦੀ ਬਜਾਏ ਦੇਸ਼ ਦੇ ਲੋਕਾਂ ਦੇ ਮਾੜੇ ਦਿਨ ਲਿਆਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਰੋਸ ਧਰਨਿਆਂ ’ਚ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਰੱਦ ਹੋਣ ਤੱਕ ਦਿੱਲੀ ਦੇ ਬਾਰਡਰਾਂ ਅਤੇ ਹੋਰ ਵੱਖ-ਵੱਖ ਥਾਈਂ ਪੱਕੇ ਰੋਸ ਧਰਨਿਆਂ ’ਚ ਡਟੇ ਰਹਿਣ ਦਾ ਅਹਿਦ ਲਿਆ। ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਅਤੇ ਕਿਸਾਨ ਬੀਬੀਆਂ ਇਥੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਪੱਕੇ ਰੋਸ ਧਰਨੇ ’ਤੇ ਡਟੇ ਹੋਏ ਹਨ. ਭਾਕਿਯੂ ਏਕਤਾ ਉਗਰਾਹਾਂ ਦੇ ਧਰਨੇ ਨੂੰ ਗੋਬਿੰਦਰ ਸਿੰਘ ਮੰਗਵਾਲ, ਸ਼ਿੰਦਰ ਸਿੰਘ ਬਡਰੁੱਖਾਂ, ਸਰੂਪ ਚੰਦ ਕਿਲਾਭਰੀਆਂ, ਗੁਰਦੀਪ ਕੰਮੋਮਾਜਰਾ, ਲਾਭ ਸਿੰਘ ਖੁਰਾਣਾ, ਬਲਜੀਤ ਕੌਰ, ਸੁਰਜੀਤ ਕੌਰ ਲੌਂਗੋਵਾਲ, ਅਮਰਜੀਤ ਕੌਰ ਬਡਰੁੱਖਾਂ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਸਟੇਸ਼ਨ ਨੇੜੇ ਧਰਨੇ ਨੂੰ ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਬਟੜਿਆਣਾ, ਹਰੀ ਸਿੰਘ ਚੱਠਾ, ਸਰਬਜੀਤ ਸਿੰਘ ਵੜੈਚ, ਇੰਦਰਪਾਲ ਸਿੰਘ ਪੁੰਨਾਂਵਾਲ, ਰੋਹੀ ਸਿੰਘ ਮੰਗਵਾਲ, ਦਲਬਾਰਾ ਸਿੰਘ ਨਾਗਰਾ, ਮਹਿੰਦਰ ਸਿੰਘ ਭੱਠਲ ਅਤੇ ਨਰੰਜਣ ਸਿੰਘ ਦੋਹਲਾ ਨੇ ਸੰਬੋਧਨ ਕੀਤਾ।