ਮਹਿੰਦਰ ਕੌਰ ਮੰਨੂ
ਸੰਗਰੂਰ, 6 ਸਤੰਬਰ
ਜੋਰਾ ਸਿੰਘ ਮੰਡੇਰ ਦੇ ਨਾਵਲ ‘ਢਲਦੇ ਪਰਛਾਵੇਂ’ ਉੱਤੇ ਵਿਚਾਰ-ਚਰਚਾ ਆਰੰਭ ਕਰਦਿਆਂ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਮੰਡੇਰ ਦਾ ਇਹ ਨਾਵਲ ਪੰਜਾਬੀ ਨਾਵਲਕਾਰੀ ਵਿਚ ਨਿਵੇਕਲੀ ਪਛਾਣ ਬਣਾਉਣ ਵਿਚ ਸਫ਼ਲ ਹੋਇਆ ਹੈ। ਇਹ ਪਹਿਲਾ ਨਾਵਲ ਹੈ ਜਿਸ ਵਿਚ ਸਾਡੀ ਨਾਵਲੀ ਪ੍ਰੰਪਰਾ ਦੀ ਨਾਇਕ-ਖਲਨਾਇਕ ਵਿਰੋਧਤਾ ਨੂੰ ਲਾਂਭੇ ਰੱਖ ਕੇ ਆਮ ਲੋਕਾਂ ਦੇ ਜੀਵਨ ਦੀ ਸਰਗਰਮੀ ਨੂੰ ਸੱਥ ਦੁਆਲੇ ਰੱਖ ਕੇ ਵਿਚਾਰਿਆ ਗਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਇੱਥੇ ਕਰਵਾਈ ਗਈ ਇਸ ਵਿਚਾਰ-ਚਰਚਾ ਅਤੇ ਨਾਵਲ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ ਅਤੇ ਜੋਰਾ ਸਿੰਘ ਮੰਡੇਰ ਆਦਿ ਸ਼ਾਮਲ ਸਨ।
ਵਿਚਾਰ-ਚਰਚਾ ਵਿਚ ਦਲਬਾਰ ਸਿੰਘ, ਡਾ. ਭਗਵੰਤ ਸਿੰਘ, ਪਾਲਾ ਮੱਲ ਸਿੰਗਲਾ, ਡਾ. ਦੇਵਿੰਦਰ ਕੌਰ ਆਦਿ ਨੇ ਹਿੱਸਾ ਲਿਆ। ਪ੍ਰਧਾਨਗੀ ਮੰਡਲ ਵੱਲੋਂ ਜੋਰਾ ਸਿੰਘ ਮੰਡੇਰ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਨਾਵਲ ਦੀ ਘੁੰਢ ਚੁਕਾਈ ਦੀ ਰਸਮ ਡਾ. ਤੇਜਵੰਤ ਮਾਨ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਨੇ ਅਦਾ ਕੀਤੀ।
ਇਸ ਮੌਕੇ ਇਕੱਤਰ ਲੇਖਕਾਂ ਨੇ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨਾਲ ਕੀਤੇ ਧੱਕੇ ਦਾ ਵਿਰੋਧ ਕੀਤਾ। ਏ.ਪੀ. ਸਿੰਘ ਦੇ ਗਾਇਨ ਨਾਲ ਆਰੰਭ ਹੋਏ ਸਮਾਗਮ ਵਿਚ ਦੇਸ਼ ਭੂਸ਼ਨ, ਜਗਮੇਲ ਸਿੱਧੂ, ਬਚਨ ਗੁਰਮ ਨੇ ਰਚਨਾਵਾਂ ਸੁਣਾਈਆਂ। ਜੋਰਾ ਸਿੰਘ ਮੰਡੇਰ ਨੇ ਆਪਣੇ ਭਾਵ ਵਿਅਕਤ ਕਰਦੇ ਹੋਏ ਡਾ. ਤੇਜਵੰਤ ਮਾਨ ਅਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਦਾ ਧੰਨਵਾਦ ਕੀਤਾ।