ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਮਈ
ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਐਲਾਨ ਮਗਰੋਂ ਜਿਥੇ ਸਿਆਸੀ ਧਿਰਾਂ ਦੀ ਹਲਚਲ ਤੇਜ਼ ਗਈ ਹੈ, ਉਥੇ ਇਸ ਚੋਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਧਿਰਾਂ ਵੀ ਸਰਗਰਮ ਹੋ ਗਈਆਂ ਹਨ। ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਦੀ ਅਗਵਾਈ ਹੇਠ ਅੱਜ ਵੱਡੀ ਤਾਦਾਦ ’ਚ ਡੇਰਾ ਪ੍ਰੇਮੀਆਂ ਵਲੋਂ ਹੱਥ ਖੜ੍ਹੇ ਕਰਕੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਭਾਵੇਂ ਕਿ ਡੇਰਾ ਸਿਰਸਾ ਦੇ ਪ੍ਰਬੰਧਕਾਂ ਵਲੋਂ ਅੱਜ ਦੇ ਇਕੱਠ ਨੂੰ ਜ਼ਿਲ੍ਹਾ ਪੱਧਰੀ ਨਾਮ ਚਰਚਾ ਦਾ ਨਾਮ ਦਿੱਤਾ ਗਿਆ ਪਰ ਅੱਜ ਦੇ ਇਕੱਠ ਨੂੰ ਡੇਰਾ ਪ੍ਰੇਮੀਆਂ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਡੇਰਾ ਪ੍ਰੇਮੀਆਂ ਦੇ ਸ਼ਕਤੀ ਪ੍ਰਦਰਸ਼ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਜਿਥੇ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ, ਉਥੇ ਹੀ ਨਸ਼ਿਆਂ ਉਪਰ ਕਾਬੂ ਪਾਉਣ ਲਈ ਪੰਜਾਬ ਸਰਕਾਰ ਨੂੰ ਹਰ ਤਰਾਂ ਦੀ ਮਦਦ ਕਰਨ ਦੀ ਪੇਸਕਸ਼ ਵੀ ਕੀਤੀ ਗਈ ਹੈ। ਸਥਾਨਕ ਨਾਮ ਚਰਚਾ ਘਰ ਵਿਖੇ ਡੇਰਾ ਪ੍ਰੇਮੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਦੇ ਮੈਂਬਰ ਰਾਮ ਸਿੰਘ ਅਸਪਾਲ ਕਲਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਜਿਸ ਤਰ੍ਹਾ ਦੇ ਹਨ, ਉਸ ਤੋਂ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਉਪਰ ਸਵਾਲ ਖੜ੍ਹਾ ਹੁੰਦਾ ਹੈ। ਪੰਜਾਬ ਵਿਚ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ, ਜੇਕਰ ਚਿੱਟਾ, ਨਸ਼ੀਲੀਆਂ ਗੋਲੀਆਂ, ਸ਼ਰਾਬ ਨਸ਼ੇ ਉਪਰ ਕੰਟਰੋਲ ਨਾ ਹੋਇਆ ਤਾਂ ਪੰਜਾਬ ਦੇ ਹਾਲਾਤ ਆਉਣ ਵਾਲੇ ਸਮੇਂ ਵਿਚ ਹੋਰ ਵੀ ਬਦਤਰ ਹੋ ਸਕਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਪੇਸ਼ਕਸ਼ ਕਰਦਿਆਂ ਕਿਹਾ ਕਿ ਜੇ ਸਰਕਾਰ ਪੰਜਾਬ ਵਿਚ ਨਸ਼ਿਆਂ ਨੂੰ ਜੜ੍ਹੋਂ ਪੁੱਟਣਾ ਚਾਹੁੰਦੀ ਹੈ ਤਾਂ ਡੇਰਾ ਸੱਚਾ ਸੌਦਾ ਸਿਰਸਾ ਹਰ ਪੱਧਰ ’ਤੇ ਸਰਕਾਰ ਦੀ ਮਦਦ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਡੇਰੇ ਦੀ ਸੰਗਤ ਵਲੋਂ 5 ਜੂਨ ਨੂੰ ਹਜ਼ਾਰਾਂ ਨਵੇਂ ਬੂਟੇ ਲਗਾਉਣ ਦਾ ਫੈਸਲਾ ਲਿਆ ਹੈ। ਲੋਕ ਸਭਾ ਜ਼ਿਮਨੀ ਚੋਣ ’ਚ ਡੇਰਾ ਪ੍ਰੇਮੀਆਂ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਰਾਜਨੀਤਿਕ ਵਿੰਗ ਵਲੋਂ ਮੀਟਿੰਗਾਂ ਕਰਕੇ ਸੰਗਤ ਦੀ ਰਾਇ ਲਈ ਜਾ ਰਹੀ ਹੈ। ਸੰਗਤ ਦੀ ਰਾਇ ਅਤੇ ਇੱਕਜੁਟਤਾ ਨਾਲ ਫੈਸਲਾ ਲਿਆ ਜਾਵੇਗਾ। ਇਸ ਮੌਕੇ ਹਰਚਰਨ ਸਿੰਘ ਇੰਸਾਂ, ਹਰਿੰਦਰ ਸਿੰਘ ਇੰਸਾਂ ਮੰਗਵਾਲ, ਰਾਮਕਰਨ ਇੰਸਾਂ ਭਵਾਨੀਗੜ੍ਹ ਮੈਂਬਰ ਰਾਜਨੀਤਕ ਵਿੰਗ ਅਤੇ ਦੁਨੀ ਚੰਦ ਇੰਸਾਂ, ਬਲਦੇਵ ਸਿੰਘ ਇੰਸਾਂ, ਟੇਕ ਸਿੰਘ ਇੰਸਾਂ ਤੇ ਰਣਜੀਤ ਕੌਰ ਇੰਸਾਂ ਮੌਜੂਦ ਸਨ।