ਧੂਰੀ (ਪਵਨ ਕੁਮਾਰ ਵਰਮਾ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਹਲਕਾ ਧੂਰੀ ਤੋਂ ‘ਆਪ’ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਪਿਆਰ ਨੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਦੇਸ਼ ਦੇ ਕਈ ਵੱਡੇ ਲੀਡਰਾਂ ਨੂੰ ਵਖਤ ਪਾਇਆ ਹੋਇਆ ਹੈ, ਜਿਸ ਦੇ ਚਲਦਿਆਂ ਧੂਰੀ ਵਿੱਚ ਇੱਕ ਦਿਨ ਵਿੱਚ ਤਿੰਨ-ਤਿੰਨ ਹੈਲੀਕਾਪਟਰ ਉਤਰ ਰਹੇ ਹਨ ਅਤੇ ਆਏ ਦਿਨ ਸਿਆਸੀ ਪਾਰਟੀਆਂ ਦੇ ਵੱਡੇ ਚਿਹਰੇ ਧੂਰੀ ਵਿੱਚ ਆ ਕੇ ਭਗਵੰਤ ਸਿੰਘ ਮਾਨ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਇਹ ਲੀਡਰ ਅਤੇ ਦੂਜੀਆਂ ਪਾਰਟੀਆਂ ਦੇ ਕਈ ਹੋਰ ਵੱਡੇ ਲੀਡਰ ਕੇਵਲ ਭਗਵੰਤ ਮਾਨ ਦੀ ਸ਼ਰਾਬ ਪੀਣ ਵਾਲੀ ਝੂਠੀ ਗੱਲ ਨੂੰ ਵਾਰ-ਵਾਰ ਉਛਾਲਾ ਦੇ ਕੇ ਆਪਣੇ ਕੀਤੇ ਮਾੜੇ ਕੰਮਾਂ ਨੂੰ ਛੁਪਾ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਐੱਸ.ਐੱਸ.ਚੱਠਾ ਨੇ ਨਵਜੋਤ ਸਿੱਧੂ ਦੀ ਰਾਜੋਮਾਜਰਾ ਰੈਲੀ ਵਿੱਚ ਧਾਰੀ ਚੁੱਪ ਬਾਰੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਭਗਵੰਤ ਮਾਨ ਨੂੰ ਬੇਦਾਗ ਅਤੇ ਸੱਚਾ-ਸੁੱਚਾ ਆਦਮੀ ਕਹਿ ਚੁੱਕੇ ਹਨ ਅਤੇ ਦਲਵੀਰ ਸਿੰਘ ਗੋਲਡੀ ਦੀ ਰੈਲੀ ਵਿੱਚ ਬਿਨਾਂ ਕੁਝ ਕਹੇ ਚੁੱਪ-ਚਾਪ ਚਲੇ ਜਾਣਾ ਵੱਡਾ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚੋਂ ਚੋਣ ਪ੍ਰਚਾਰ ਦੌਰਾਨ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਬਾਅਦ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਬੁਖਲਾਏ ਪਏ ਹਨ।