ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਅਗਸਤ
ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ‘ਆਪ’ ਸੰਗਰੂਰ ਵੱਲੋਂ ਤੁਲਸੀ ਵੰਡ ਸਮਾਰੋਹ ਕੀਤਾ ਗਿਆ। ਸ਼ਹਿਰ ਦੇ ਵੱਡੇ ਚੌਕ ਵਿਚ ਪਾਰਟੀ ਦੇ ਸੀਨੀਅਰ ਆਗੂ ਦਿਨੇਸ਼ ਬਾਂਸਲ ਅਤੇ ਸੰਗਰੂਰ ਟੀਮ ਵਲੋਂ ਤੁਲਸੀ ਦੇ ਕਰੀਬ ਇੱਕ ਹਜ਼ਾਰ ਬੂਟੇ ਵੰਡੇ ਗਏ। ਸ੍ਰੀ ਬਾਂਸਲ ਨੇ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਚੰਗੇ, ਨਰੋਏ ਅਤੇ ਸਰਬ ਸਾਂਝੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ।
ਰਾਜਿੰਦਰ ਸਿੰਘ ਚਹਿਲ ਅਤੇ ਕ੍ਰਿਸ਼ਨ ਤਿਵਾੜੀ ਨੇ ਕਿਹਾ ਕਿ ਜਿਵੇਂ ਤੁਲਸੀ ਦੇ ਬੂਟੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ, ਸਾਨੂੰ ਵੀ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ। ਪਾਰਟੀ ਦੇ ਫਾਊਂਡਰ ਮੈਂਬਰ ਇੰਦਰਪਾਲ ਸਿੰਘ ਖ਼ਾਲਸਾ ਅਤੇ ਜ਼ਿਲ੍ਹਾ ਸਕੱਤਰ ਟਰੇਡ ਵਿੰਗ ਹਰਿੰਦਰ ਬਾਵਾ ਨੇ ਕਿਹਾ ਕਿ ਭ੍ਰਿਸ਼ਟ ਰਾਜਨੀਤੀ ਸਾਡੇ ਦੇਸ਼ ਅਤੇ ਸਮਾਜ ਨੂੰ ਬਰਬਾਦ ਕਰ ਰਹੀ ਹੈ। ਗੁਰਪ੍ਰੀਤ ਸਿੰਘ ਆਲੋਅਰਖ ਵੱਲੋਂ ਪਾਰਟੀ ਦੀਆਂ ਅਤੇ ਭਗਵੰਤ ਮਾਨ ਦੀਆਂ ਪੰਜਾਬ ਪ੍ਰਤੀ ਲੋਕ ਪੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਕੈਂਬ੍ਰਿਜ ਸਕੂਲ ਧੂਰੀ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਸਕੂਲ ਪ੍ਰਿੰਸੀਪਲ ਬ੍ਰਿਜੇਸ਼ ਸਕਸੈਨਾ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ਵਿੱਚ ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਦੇਵੀਗੜ੍ਹ (ਪੱਤਰ ਪ੍ਰੇਰਕ): ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਪ੍ਰੈਪਰੇਟਰੀ ਵਿੰਗ ਦੇ ਬੱਚੇ ਰਾਧਾ ਕ੍ਰਿਸ਼ਨ ਦੇ ਪਹਿਰਾਵੇ ਵਿੱਚ ਸਕੂਲ ਪਹੁੰਚੇ। ਸਕੂਲ ਦੇ ਡਾਇਰੈਕਟਰ ਗੌਰਵ ਗੁਲਾਟੀ, ਕਾਊਂਸਲਰ ਸਲੋਨੀ ਗੁਲਾਟੀ ਤੇ ਪ੍ਰਿੰਸੀਪਲ਼ ਰੇਖਾ ਸ਼ਰਮਾ ਨੇ ਸਾਰੇ ਬੱਚਿਆਂ ਤੇ ਸਟਾਫ ਨੂੰ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਬਾਹਲਾ ਪਬਲਿਕ ਸਕੂਲ ਪਿੱਪਲਖੇੜੀ ਦੇ ਵਾਈਸ ਪ੍ਰਿੰਸੀਪਲ਼ ਕੁਲਵਿੰਦਰ ਕੌਰ ਬਾਹਲਾ ਦੇ ਨਿਰਦੇਸ਼ਾਂ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਡਰੈੱਸ ਮੁਕਾਬਲਿਆਂ ਵਿੱਚ ਨਰਸਰੀ ਜਮਾਤ ਵਿੱਚੋਂ ਸਚਿਨ ਨੇ ਪਹਿਲਾ, ਹਰਮਨਪ੍ਰੀਤ ਗਿਰ ਜਮਾਤ ਚੌਥੀ ਨੇ ਦੂਜਾ, ਲਵੀਨਾ ਜਮਾਤ ਦੂਜੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਡਾ. ਬੀਐਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਜੁਲਾਹਖੇੜੀ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਸਨਾਤਨ ਧਰਮ ਮੰਦਰ ਕਮੇਟੀ ਤੇ ਪ੍ਰਾਚੀਨ ਸ਼ਿਵ ਦੁਰਗਾ ਮੰਦਰ ’ਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਕਿਆ। ਇਸ ਮੌਕੇ ਸ਼ੋਭਾ ਯਾਤਰਾ ਕੱਢੀ ਜਿਸ ਨੂੰ ਉਪ ਪੁਲੀਸ ਕਪਤਾਨ ਬਲਜਿੰਦਰ ਸਿੰਘ ਪੰਨੂੰ ਨੇ ਰਵਾਨਾ ਕੀਤਾ। ਉਧਰ, ਅਕੈਡਮਿਕ ਹਾਈਟਸ ਪਬਲਿਕ ਸਕੂਲ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।
ਸੰਸਦ ਮੈਂਬਰ ਵੱਲੋਂ ਸ੍ਰੀ ਕ੍ਰਿਸ਼ਨ ਦੇ ਫਲਸਫ਼ੇ ਨੂੰ ਅਪਣਾਉਣ ਦਾ ਸੱਦਾ
ਪਟਿਆਲਾ (ਖੇਤਰੀ ਪ੍ਰਤੀਨਿਧ): ਸੰਸਦ ਮੈਂਬਰ ਪਰਨੀਤ ਕੌਰ ਨੇ ਵੱਖ-ਵੱਖ ਥਾਵਾਂ ‘ਤੇ ਕਰਵਾਏ ਗਏ ਸਮਾਰੋਹਾਂ ‘ਚ ਸ਼ਿਰਕਤ ਕੀਤੀ ਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵਧਾਈਆਂ ਦਿੰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਰਵ-ਵਿਆਪੀ ਪਿਆਰ ਤੇ ਸਦਭਾਵਨਾ ਦੇ ਫਲਸਫ਼ੇ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਹ ਇੱਥੇ ਸੰਤ ਨਗਰ ਵਿਖੇ ਪ੍ਰਾਚੀਨ ਮੰਦਿਰ, ਚੋਪੜਾ ਮੁਹੱਲਾ ਦੇ ਸ਼ਿਵ ਮੰਦਿਰ, ਗੁੜ ਮੰਡੀ ਦੇ ਸ਼ਿਵ ਮੰਦਿਰ, ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਸ਼ਿਵ ਮੰਦਿਰ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਮੇਅਰ ਸੰਜੀਵ ਬਿੱਟੂ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।