ਪੱਤਰ ਪ੍ਰੇਰਕ
ਭਵਾਨੀਗੜ੍ਹ, 29 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਕਿਹਾ ਕਿ ਭਗਵੰਤ ਮਾਨ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਨਾ ਸਿਰਫ ਮੁੱਕਰ ਗਈ ਹੈ, ਸਗੋਂ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਬੇਰੁਜ਼ਗਾਰਾਂ ਉੱਤੇ ਲਾਠੀਚਾਰਜ ਕਰ ਰਹੀ ਹੈ। ਮਜੀਠੀਆ ਨੇੜਲੇ ਪਿੰਡ ਫੱਗੂਵਾਲਾ ਵਿੱਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਭਰਪੂਰ ਸਿੰਘ ਫੱਗੂਵਾਲਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਨੂੰ ਕਮਜ਼ੋਰ ਕਰਨ ਤੇ ਸਿੱਖਾਂ ਨੂੰ ਦੋਫਾੜ ਕਰਨ ਲਈ ਸਾਜ਼ਿਸਾਂ ਰਚੀਆਂ ਜਾ ਰਹੀਆਂ ਹਨ। ਹਰਿਆਣਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖ ਹੋਣਾ ਇਸ ਸਾਜ਼ਿਸ਼ ਦਾ ਹਿੱਸਾ ਹੈ ਜਿਸ ਤੋਂ ਸਿੱਖ ਕੌਮ ਤੇ ਸਮੂਹ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਉੱਪਰ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਕਤ ਕਰਨ ਦੇ ਲਗਾਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਲੋਕਾਂ ਦੇ ਸਾਹਮਣੇ ਇਹ ਸੱਚ ਉਜਾਗਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਤੇ ਵਿਧਾਇਕਾਂ ਵੱਲੋਂ ਸ਼ਹੀਦਾਂ ਦੇ ਰੰਗਾਂ ਦੀ ਦਸਤਾਰ ਬੰਨ੍ਹ ਕੇ ਸ਼ਹੀਦਾਂ ਦੇ ਹਮਦਰਦ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਫਨੇ ਪੂਰੇ ਕਰਨ ਦੇ ਸੁਫਨੇ ਦਿਖਾ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ ਹੈ ਤੇ ਹੁਣ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕਰਕੇ ਐਸ਼ਪ੍ਰਸਤੀ ਕੀਤੀ ਜਾ ਰਹੀ ਹੈ। ਇਸ ਮੌਕੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਭਰਪੂਰ ਸਿੰਘ ਫੱਗੂਵਾਲਾ, ਪਰਮਜੀਤ ਕੌਰ ਵਿਰਕ, ਹਰਵਿੰਦਰ ਸਿੰਘ ਕਾਕੜਾ, ਰਵਿੰਦਰ ਸਿੰਘ ਠੇਕੇਦਾਰ, ਇਕਬਾਲ ਜੀਤ ਸਿੰਘ ਪੂਨੀਆ, ਤੇਜਿੰਦਰ ਸਿੰਘ ਸੰਘਰੇੜੀ, ਬਿੰਦਰ ਸਿੰਘ ਬਟੜਿਆਣਾ, ਬਲਕਾਰ ਸਿੰਘ ਭਵਾਨੀਗੜ੍ਹ, ਸੁਖਰਾਜ ਸਿੰਘ ਫੱਗੂਵਾਲਾ, ਹਰਦੇਵ ਸਿੰਘ ਬਹਿਲਾ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।