ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਮਈ
ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਅੱਜ 31 ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ ਮੌਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਨ੍ਹਾਂ ਵਿਚੋਂ 3 ਮ੍ਰਿਤਕ ਪੰਜਾਬ ਤੋਂ ਬਾਹਰਦੇ ਹਨ। ਜਦਕਿ 29 ਦਾ ਸਬੰਧ ਪੰਜਾਬ ਨਾਲ਼ ਹੀ ਹੈ। ਉਧਰ ਪਟਿਆਲਾ ਜ਼ਿਲ੍ਹੇ ਵਿਚ ਅੱਜ ਕਰੋਨਾ ਪੀੜਤ 19 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ 13 ਰਾਜਿੰਦਰਾ ਹਸਪਤਾਲ ਵਿਖੇ ਜਦਕਿ 6 ਹੋਰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਸਨ। ਇਸ ਤਰ੍ਹਾਂ ਪਟਿਆਲਾ ਜ਼ਿਲ੍ਹੇ ’ਚ ਕਰੋਨਾ ਨਾਲ ਹੋਈ ਮੌਤਾਂ ਦੀ ਕੁੱਲ ਗਿਣਤੀ 1045 ਹੋ ਗਈ ਹੈ। ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਵਿਚ ਅੱਜ 505 ਹੋਰ ਕੋਵਿਡ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਜਿਸ ਨਾਲ ਜਿਲੇ ਵਿਚ ਪਾਜੇਟਿਵ ਕੇਸਾਂ ਦੀ ਗਿਣਤੀ 43179 ਹੋ ਗਈ ਹੈ। ਜਿਸ ਦੀ ਪੁਸ਼ਟੀ ਕਰਦਿਆਂ, ਸਿਵਲ ਸਰਜਨ ਡਾ. ਸਤਿੰਦਰ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਵਿਚੋਂ ਮਿਸ਼ਨ ਫਤਿਹ ਤਹਿਤ 38,217 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 3917 ਹੈ। ਇਸ ਦੇ ਨਾਲ ਹੀ ਸਿਹਤ ਸਟਾਫ ਕੋਵਿਡ ਮਰੀਜ਼ਾਂ ਦੇ ਨਾਲ ਸਰਕਾਰੀ ਨਿਯਮਾਂ ਅਨੁਸਾਰ ਤਾਲਮੇਲ ਰੱਖ ਰਿਹਾ ਹੈ।ਉਧਰ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਪਿੰਡ ਧਬਲਾਨ ਵਿੱਚੋ 21 ਕੇਸ ਪਾਜ਼ੇਟਿਵ ਹੋਣ ਕਾਰਣ ਇਸ ਪਿੰਡ ਵਿੱਚ ਲਗਾਈ ਮਾਈਕਰੋ ਕੰਟੈਨਮੈਂਟ ਨੂੰ ਵੱਡੀ ਕੰਟੇਨਮੈਂਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਾਤੜਾਂ ਦੇ ਵਾਰਡ ਨੰਬਰ 2 ਵਿੱਚ ਲਾਈ ਮਾਈਕਰੋ ਕੰਟੇਨਮੈਂਟ ਹਟਾਅ ਦਿੱਤੀ ਗਈ ਹੈ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਬੇਲਗਾਮ ਅਤੇ ਲੋਕ ਬੇਪ੍ਰਵਾਹ ਨਜ਼ਰ ਆ ਰਹੇ ਹਨ। ਅਜਿਹੇ ਹਾਲਾਤ ’ਚ ਰੋਜ਼ਾਨਾ ਮਨੁੱਖੀ ਜਾਨਾਂ ਜਾ ਰਹੀਆਂ ਹਨ। ਅੱਜ ਪੰਜ ਔਰਤਾਂ ਸਮੇਤ 11 ਕਰੋਨਾ ਪੀੜ੍ਹਤ ਮਰੀਜ਼ਾਂ ਦੀ ਮੌਤ ਹੋਈ ਹੈ ਜਦੋਂ ਕਿ 208 ਨਵੇਂ ਕਰੋਨਾ ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 582 ’ਤੇ ਜਾ ਪੁੱਜੀ ਹੈ। ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 1843 ਹੋ ਚੁੱਕੀ ਹੈ ਜਿੰਨ੍ਹਾਂ ਵਿਚੋਂ 11 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਧਰ ਮਰੀਜ਼ਾਂ ਵਲੋਂ ਕਰੋਨਾ ਨੂੰ ਮਾਤ ਦੇਣ ਦਾ ਸਿਲਸਲਾ ਵੀ ਜਾਰੀ ਹੈ ਅਤੇ ਅੱਜ 175 ਮਰੀਜ਼ਾਂ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤੀ ਹੈ।
ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ 11 ਮਰੀਜ਼ਾਂ ਦੀ ਮੌਤ ਹੋਈ ਹੈ ਜਿੰਨ੍ਹਾਂ ’ਚ ਬਲਾਕ ਸੁਨਾਮ ਦਾ 59 ਸਾਲਾ ਵਿਅਕਤੀ, ਬਲਾਕ ਲੌਂਗੋਵਾਲ ਦਾ 83 ਸਾਲਾ ਬਜ਼ੁਰਗ, ਬਲਾਕ ਭਵਾਨੀਗੜ੍ਹ ਦਾ 50 ਸਾਲਾ ਵਿਅਕਤੀ, ਬਲਾਕ ਅਹਿਮਦਗੜ੍ਹ ਦੀ 42 ਸਾਲਾ ਔਰਤ, ਬਲਾਕ ਅਮਰਗੜ੍ਹ ਦੀ 53 ਸਾਲਾ ਔਰਤ, ਬਲਾਕ ਕੌਹਰੀਆਂ ਦੀ 82 ਸਾਲਾ ਔਰਤ, ਬਲਾਕ ਧੂਰੀ ਦਾ 77 ਸਾਲਾ ਵਿਅਕਤੀ, ਬਲਾਕ ਭਵਾਨੀਗੜ੍ਹ ਦੀ 60 ਸਾਲਾ ਔਰਤ, ਬਲਾਕ ਭਵਾਨੀਗੜ੍ਹ ਦਾ ਹੀ 32 ਸਾਲਾ ਨੌਜਵਾਨ, ਬਲਾਕ ਸੰਗਰੂਰ ਦਾ 74 ਸਾਲਾ ਵਿਅਕਤੀ ਅਤੇ ਬਲਾਕ ਭਵਾਨੀਗੜ੍ਹ ਦੀ 51 ਸਾਲਾ ਔਰਤ ਸ਼ਾਮਲ ਹੈ। ਇਨ੍ਹਾਂ ਮਰੀਜ਼ਾਂ ’ਚੋ 7 ਮਰੀਜ਼ਾਂ ਦੀ ਮੌਤ ਰਾਜਿੰਦਰਾ ਹਸਪਤਾਲ ਪਟਿਆਲਾ ਜਦੋਂ ਕਿ ਜਲੰਧਰ, ਪੰਚਕੂਲਾ, ਸੰਗਰੂਰ ਅਤੇ ਮਲੇਰਕੋਟਲਾ ਵਿਖੇ ਇੱਕ-ਇੱਕ ਮਰੀਜ਼ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਅੱਜ 205 ਨਵੇਂ ਕਰੋਨਾ ਮਰੀਜ਼ ਸਾਹਮਣੇ ਆਏ ਹਨ।
ਸਮਾਣਾ: (ਸੁਭਾਸ਼ ਚੰਦਰ): ਮੰਗਲਵਾਰ ਸਵੇਰੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਇਲਾਜ ਅਧੀਨ ਅਮਾਮਗੜ੍ਹ ਸਮਾਣਾ ਨਿਵਾਸੀ 42 ਸਾਲਾ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ।ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਆਕਸੀਜਨ ਕੰਨਸਟਰੇਟਰ ਚਾਲੂ
ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਖ਼ਾਲਸਾ ਏਡ ਵੱਲੋਂ ਅਕਾਲ ਕਾਲਜ ਕੌਂਸਲ ਦੇ ਪ੍ਰਬੰਧ ਅਧੀਨ ਮਸਤੂਆਣਾ ਸਾਹਿਬ ਵਿਖੇ ਚੱਲਣ ਵਾਲੇ ਕੋਵਿਡ ਕੇਅਰ ਸੈਂਟਰ ਲਈ ਬੀਤੇ ਦਿਨੀਂ ਭੇਜੇ ਗਏ 10 ਆਕਸੀਜਨ ਕੰਸਨਟਰੇਟਰ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਮੇਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਫਿੱਟ ਕੀਤੇ ਗਏ। ਇਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਵੱਲੋਂ ਕਰਨ ਉਪਰੰਤ ਅਕਾਲ ਕਾਲਜ ਕੌਂਸਲ ਦੇ ਵਿਸ਼ੇਸ਼ ਯਤਨਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਬੰਧਕ ਵੀ ਹਾਜ਼ਰ ਸਨ।