ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਜੁਲਾਈ
ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਦੇ ਖੇਤਾਂ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਹੈ। ਇਸ ਨਾਲ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਡਰ ਬਣ ਗਿਆ ਹੈ।
ਇੱਥੋਂ ਦੀ ਕਾਕੜਾ ਰੋਡ ’ਤੇ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਨੇੜਲੇ ਖੇਤਾਂ ਵਿੱਚ ਪਿੰਡ ਆਲੋਅਰਖ ਤੱਕ ਦਾ ਪਾਣੀ ਇਕੱਠਾ ਹੋ ਗਿਆ ਹੈ। ਖੇਤਾਂ ਵਿਚਲਾ ਪਾਣੀ ਇੱਥੇ ਜੀਟੀਬੀ ਕਾਲਜ, ਸਟੇਡੀਅਮ ਅਤੇ ਨੇੜਲੀ ਕਲੋਨੀ ਨਾਲ ਟਕਰਾ ਕੇ ਰੁਕਿਆ ਖੜ੍ਹਾ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਸ ਖੜ੍ਹੇ ਪਾਣੀ ਕਾਰਨ 30 ਏਕੜ ਝੋਨਾ ਡੁੱਬ ਗਿਆ ਹੈ। ਇਹ ਪਾਣੀ ਕਾਲਜ ਦੀ ਬਿਲਡਿੰਗ ਅਤੇ ਕਲੋਨੀ ਦੇ ਘਰਾਂ ਦਾ ਨੁਕਸਾਨ ਵੀ ਕਰ ਸਕਦਾ ਹੈ।
ਕਿਸਾਨ ਇੰਦਰਜੀਤ ਸਿੰਘ, ਭਰਪੂਰ ਸਿੰਘ, ਮਨਦੀਪ ਸਿੰਘ, ਭੋਲਾ ਮਾਹੀ ਅਤੇ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਉਨ੍ਹਾਂ ਸਰਕਾਰ ਤੋਂ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।