ਨਿਜੀ ਪੱਤਰ ਪ੍ਰੇਰਕ
ਸੰਗਰੂਰ, 25 ਅਕਤੂਬਰ
ਪੰਜਾਬ ਸਰਕਾਰ ਵੱਲੋਂ ਦੋ ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਬਿਜਲੀ ਬਿਲ ਮੁਆਫ਼ੀ ਸਕੀਮ ਤਹਿਤ ਜ਼ਿਲ੍ਹਾ ਸੰਗਰੂਰ ਦੇ 70169 ਯੋਗ ਖਪਤਕਾਰਾਂ ਦੇ 29 ਕਰੋੜ 89 ਲੱਖ ਰੁਪਏ ਮੁਆਫ਼ ਕੀਤੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 2 ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਬਕਾਇਆ ਬਿਜਲੀ ਬਿਲਾਂ ਨੂੰ ਮੁਆਫ ਕਰਨ ਅਤੇ ਬਿਲ ਨਾ ਭਰਨ ਕਰਕੇ ਕੱਟੇ ਹੋਏ ਬਿਜਲੀ ਕੁਨੈਕਸ਼ਨਾਂ ਨੂੰ ਜੋੜਨ ਦੀ ਸਕੀਮ ਦਾ ਲਾਭ ਬਹੁਤ ਹੀ ਸੁਖਾਲੇ ਢੰਗ ਨਾਲ ਲਿਆ ਜਾ ਸਕਦਾ ਹੈ। ਲਾਭਪਾਤਰੀ ਖਪਤਕਾਰ ਨੂੰ ਕੇਵਲ ਆਪਣਾ ਮੌਜੂਦਾ ਬਿਜਲੀ ਬਿਲ ਜਾਂ ਪਿਛਲਾ ਬਿਜਲੀ ਬਿਲ ਹੀ ਆਪਣੇ ਨਾਲ ਬਿਜਲੀ ਦਫ਼ਤਰ ਵਿਖੇ ਲਿਜਾਣ ਦੀ ਲੋੜ ਹੈ ਅਤੇ ਉਸ ਨੂੰ ਪੰਜਾਬ ਸਰਕਾਰ ਦੀ ਬਿਜਲੀ ਬਿਲ ਮੁਆਫ਼ੀ ਸਕੀਮ ਦਾ ਲਾਭ ਲੈਣ ਲਈ ਕੇਵਲ ਇੱਕ ਫਾਰਮ ਹੀ ਭਰਨਾ ਪਵੇਗਾ। ਇਸ ਤੋਂ ਬਾਅਦ ਉਸ ਦੇ ਬਕਾਇਆ ਬਿਜਲੀ ਬਿਲ ਨੂੰ ਪੰਜਾਬ ਸਰਕਾਰ ਵੱਲੋਂ ਭਰਿਆ ਜਾਵੇਗਾ ਅਤੇ ਉਸ ਦਾ ਬਕਾਇਆ ਬਿਜਲੀ ਬਿਲ ਮੁਆਫ ਹੋ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਕਰੋੜ 71 ਲੱਖ ਰੁਪਏ ਮੁਆਫ਼ ਕੀਤੇ ਜਾ ਚੁੱਕੇ ਹਨ।