ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਮਈ
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਰੋਨਾ ਨਾਲ ਚੌਵੀ ਘੰਟਿਆਂ ਦੌਰਾਨ 23 ਹੋਰ ਮੌਤਾਂ ਹੋ ਗਈਆਂ। ਇਨ੍ਹਾਂ ਵਿੱਚੋਂ 3 ਮ੍ਰਿਤਕ ਹਰਿਆਣਾ ਨਾਲ਼ ਸਬੰਧਤ ਸਨ ਜਦਕਿ ਬਾਕੀ ਪੰਜਾਬ ਦੇ ਹੀ ਵੱਖ ਵੱਖ ਜ਼ਿਲ੍ਹਆਂ ਤੋਂ ਸਨ। ਜ਼ਿਲ੍ਹਾ ਪਟਿਅਲਾ ਵਿੱਚ ਅੱਜ ਮੌਤਾਂ ਦੀ ਗਿਣਤੀ 11 ਰਹੀ। ਇਨ੍ਹਾਂ ਵਿੱਚੋਂ ਜਿੱਥੇ ਛੇ ਮੌਤਾਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੋਈਆਂ, ਉਥੇ ਹੀ ਪੰਜ ਮਰੀਜ਼ਾਂ ਨੇ ਹੋਰ ਵੱਖ ਵੱਖ ਹਸਪਤਾਲਾਂ ਵਿਚ ਦਮ ਤੋੜਿਆ ਜਿਸ ਦੀ ਪੁਸ਼ਟੀ ਕਰਦਿਆਂ, ਸਿਵਲ ਸਰਜਨ ਡਾ. ਸਤਿੰਦਰ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ 11 ਹਰ ਮੌਤਾਂ ਨਾਲ ਜ਼ਿਲ੍ਹੇ ਵਿਚ ਕਰੋਨਾ ਨਾਲ਼ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1026 ਹੋ ਗਈ ਹੈ। ਇਸੇ ਦੌਰਾਨ ਕਰੋਨਾ ਸਬੰਧੀ ਨੋਡਲ ਅਫਸਰ ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਪਟਿਆਲਾ ਜ਼ਿਲ੍ਹੇ ਵਿਚ ਕੋਵਿਡ-19 ਦੇ 401 ਹੋਰ ਨਵੇਂ ਕੇਸ ਆਏ। ਜਿਸ ਨਾਲ਼ ਜ਼ਿਲ੍ਹੇ ਅੰਦਰ ਪਾਜੇਟਿਵ ਕੇਸਾਂ ਦੀ ਗਿਣਤਤੀ ਹੁਣ 42652 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਜ਼ਿਲ੍ਹੇ ਭਰ ਵਿਚੋਂ ਕਕਾਫ਼ੀ ਗਿਣਤੀ ’ਚ ਲੋਕਾਂ ਦੇ ਕਰੋਨਾ ਟੈਸਟ ਲਈ ਸੈਂਪਲ ਲਏ ਗਏ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ 8617 ਹੋਰ ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,88,203 ਹੋ ਗਿਆ ਹੈ।
ਇਸੇ ਦੌਰਾਨ ਇਥੇ ਸਥਿਤ ਰਾਧਾ ਸੁਆਮੀ ਸਤਸੰਗ ਭਵਨ ਵਿੱਚ ਕੋਵਿਡ ਟੀਕਾਕਰਨ ਕਰਵਾਉਣ ਲਈ ਆਏ ਨਾਗਰਿਕਾਂ ਨੂੰ ਪ੍ਰਬੰਧਕਾਂ ਨੇ ਕੋਵਿਡ ਨਿਯਮਾ ਦੀ ਪਾਲਣਾ ਕਰਦਿਆਂ, ਬੜੇ ਹੀ ਸੁਚੱਜੇ ਢੰਗ ਨਾਲ ਇੱਕ ਦੂਜੇ ਤੋਂ ਫਰਕ ਨਾਲ਼ ਬਿਠਾਇਆਾ ਹੋਇਆ ਸੀ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ਵਿਚ ਬੇਲਗਾਮ ਹੋਏ ਕਰੋਨਾ ਦਾ ਕਹਿਰ ਜਾਰੀ ਹੈ। ਅੱਜ ਸੱਤ ਔਰਤਾਂ ਸਣੇ 17 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ 39 ਅਤੇ 40 ਸਾਲ ਦੀਆਂ ਮੁਟਿਆਰਾਂ ਅਤੇ 35 ਸਾਲ ਦਾ ਨੌਜਵਾਨ ਵੀ ਸ਼ਾਮਲ ਸਨ। ਜ਼ਿਲ੍ਹੇ ’ਚ ਹੁਣ ਤੱਕ 571 ਮੌਤਾਂ ਹੋ ਚੁੱਕੀਆਂ ਹਨ। ਜ਼ਿਲ੍ਹੇ ’ਚ ਅੱਜ 205 ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਕਾਰਨ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 1816 ਹੋ ਚੁੱਕੀ ਹੈ ਜਿਸ ਵਿਚ 9 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉਧਰ ਅੱਜ 179 ਮਰੀਜ਼ਾਂ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਤੰਦਰੁਸਤੀ ਹਾਲਤ ਕੀਤੀ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ 17 ਮਰੀਜ਼ਾਂ ਦੀ ਮੌਤ ਹੋਈ ਹੈ। ਉਧਰ ਅੱਜ ਜ਼ਿਲ੍ਹਾ ਸੰਗਰੂਰ ਵਿਚ 179 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ।
ਆਕਸੀਜਨ ਕੰਸਨਟਰੇਟਰ ਚਾਲੂ
ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਵਿਸ਼ਵ ਪ੍ਰਸਿੱਧ ਸੰਸਥਾ ਖ਼ਾਲਸਾ ਏਡ ਵੱਲੋਂ ਅਕਾਲ ਕਾਲਜ ਕੌਂਸਲ ਦੇ ਪ੍ਰਬੰਧ ਅਧੀਨ ਮਸਤੂਆਣਾ ਸਾਹਿਬ ਵਿਖੇ ਚੱਲਣ ਵਾਲੇ ਕੋਵਿਡ ਕੇਅਰ ਸੈਂਟਰ ਲਈ ਬੀਤੇ ਦਿਨੀਂ ਭੇਜੇ ਗਏ 10 ਆਕਸੀਜਨ ਕੰਸਨਟ੍ਰੇਟਰ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਮੇਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਫਿੱਟ ਕੀਤੇ ਗਏ। ਇਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਵੱਲੋਂ ਕਰਨ ਉਪਰੰਤ ਅਕਾਲ ਕਾਲਜ ਕੌਂਸਲ ਦੇ ਵਿਸ਼ੇਸ਼ ਯਤਨਾਂ ਦੀ ਪ੍ਰਸੰਸਾ ਕੀਤੀ ਗਈ।