ਪੱਤਰ ਪ੍ਰੇਰਕ
ਭਵਾਨੀਗੜ੍ਹ, 28 ਜੂਨ
ਇੱਥੋਂ ਥੋੜ੍ਹੀ ਦੂਰ ਨਦਾਮਪੁਰ ਵਾਲੀ ਨਹਿਰ ਵਿੱਚ ਗੁੱਜਰਾਂ ਦੀਆਂ 20 ਮੱਝਾਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈਆਂ, ਜਿਨ੍ਹਾਂ ਵਿੱਚੋਂ ਲੋਕਾਂ ਨੇ 6 ਮੱਝਾਂ ਨੂੰ ਜਿਉਂਦਾ ਬਾਹਰ ਕੱਢ ਲਿਆ ਅਤੇ 14 ਮੱਝਾਂ ਦੀ ਮੌਤ ਹੋ ਗਈ।
ਇਸ ਸਬੰਧੀ ਰੌਸ਼ਨ ਦੀਨ ਵਾਸੀ ਧੂਰਾ (ਸੰਗਰੂਰ) ਨੇ ਦੱਸਿਆ ਕਿ ਉਹ ਆਪਣੀਆਂ ਮੱਝਾਂ ਨੂੰ ਲੈ ਕੇ ਪਿੰਡ ਫੁੰਮਣਵਾਲ ਤੋਂ ਨਹਿਰ ਦੀ ਪਟੜੀ ’ਤੇ ਤੁਰੇ ਸੀ। ਗਰਮੀ ਕਾਰਨ ਮੱਝਾਂ ਨਹਿਰ ਦੇ ਕਿਨਾਰੇ ਪਾਣੀ ਪੀਣ ਲਈ ਉਤਰ ਗਈਆਂ, ਪਰ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈਆਂ। ਵਹਾਅ ਵਿਚ ਤੈਰਦੀਆਂ ਹੋਈਆਂ ਮੱਝਾਂ ਨਦਾਮਪੁਰ ਤੱਕ ਆ ਗਈਆਂ। ਇਥੇ ਮੱਝਾਂ ਹਾਈਡਲ ਪ੍ਰੋਜੈਕਟ ਦੇ ਅੱਗੇ ਪਾਣੀ ਦੇ ਚੱਕਰ ਵਿੱਚ ਆ ਗਈਆਂ।
ਇਸੇ ਦੌਰਾਨ ਇਕੱਤਰ ਹੋਏ ਲੋਕਾਂ ਨੇ ਨਹਿਰ ਵਿੱਚ ਕੁੱਦ ਕੇ ਰੱਸਿਆਂ ਨਾਲ 6 ਮੱਝਾਂ ਨੂੰ ਜਿਉਂਦਾ ਬਾਹਰ ਕੱਢ ਲਿਆ, ਪਰ 14 ਮੱਝਾਂ ਮਰ ਗਈਆਂ। ਮੌਕੇ ’ਤੇ ਪਹੁੰਚੇ ਵੈਟਰਨਰੀ ਅਫਸਰ ਡਾ. ਮੁਨੀਸ਼ ਨੇ ਦੱਸਿਆ ਕਿ ਮੱਝਾਂ ਦੇ ਫੇਫੜਿਆਂ ਵਿੱਚ ਪਾਣੀ ਪੈਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਜਿਉਂਦਾ ਕੱਢੀਆਂ ਮੱਝਾਂ ਦੇ ਟੀਕਾਕਰਨ ਸ਼ੁਰੂ ਕਰ ਦਿੱਤਾ। ਲੋਕਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।