ਪੱਤਰ ਪ੍ਰੇਰਕ
ਸ਼ੇਰਪੁਰ, 30 ਸਤੰਬਰ
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਪਿੰਡ ਕਲੇਰਾਂ ਵਿੱਚ ਜ਼ੋਨ ਧੂਰੀ ਨਾਲ ਸਬੰਧਤ ਤਕਰੀਬਨ 15 ਪਿੰਡਾਂ ਦੇ ਕਿਸਾਨਾਂ ਨੇ ਮੀਟਿੰਗ ਕੀਤੀ, ਜਿਸ ਵਿੱਚ 17 ਮੈਂਬਰੀ ਜ਼ੋਨ ਕਮੇਟੀ ਦਾ ਗਠਿਨ ਕਰਕੇ ਭਜਨ ਸਿੰਘ ਕਲੇਰਾਂ ਨੂੰ ਜ਼ੋਨ ਦੀ ਸਬ-ਕਮੇਟੀ ਦਾ ਕਨਵੀਨਰ ਤੇ ਮੇਜਰ ਸਿੰਘ ਈਸਾਪੁਰ ਲੰਡਾ ਨੂੰ ਕੋ-ਕਨਵੀਨਰ ਚੁਣਿਆ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਹਲਕਾ ਧੂਰੀ ਸਮੇਤ ਤਿੰਨ ਹਲਕਿਆਂ ਦੇ ਨਹਿਰੀ ਪਾਣੀ ਲਈ 8 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਤੱਕ ਵਿਸ਼ਾਲ ਕਿਸਾਨ ਚੇਤਨਾ ਮਾਰਚ ਕੱਢਿਆ ਜਾਵੇਗਾ।
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਤਿੰਨ ਹਲਕਿਆਂ ਦੇ ਲੋਕਾਂ ਲਈ ਨਹਿਰੀ ਪਾਣੀ ਦੀ ਪ੍ਰਾਪਤੀ ਲਈ ਆਰੰਭੀ ਇਸ ਲੜਾਈ ਨੂੰ ਧੂਰੀ, ਸ਼ੇਰਪੁਰ, ਮਲੇਰਕੋਟਲਾ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਚੇਤਨਾ ਮਾਰਚ ਦੌਰਾਨ ਜਿੱਥੇ ਤਿੰਨ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਹਿਰੀ ਪਾਣੀ ਦੀ ਮੰਗ ਲਈ ਪਾਏ ਗਏ ਮਤੇ ਮੁੱਖ ਮੰਤਰੀ ਦਫ਼ਤਰ ਨੂੰ ਸੌਂਪੇ ਜਾਣਗੇ ਉੱਥੇ ਇਲਾਕੇ ਦੇ ਮੋਹਤਵਰ ਤੇ ਆਮ ਲੋਕਾਂ ਮੁੱਖ ਮੰਤਰੀ ਦੇ ਦਫ਼ਤਰ ਜਾ ਕੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਦੇਣ ਦੀ ਮੰਗ ਕਰਨਗੇ।
ਕਮੇਟੀ ਵਿੱਚ ਦਾਲਵਾਰਾ ਸਿੰਘ ਸਾਬਕਾ ਸਰਪੰਚ, ਜਗਦੀਸ ਸਿੰਘ, ਪ੍ਰੀਤਮ ਸਿੰਘ ਗੁਲਜ਼ਾਰ ਸਿੰਘ, ਗੁਰਜੰਟ ਸਿੰਘ ਚਾਂਗਲੀ, ਗੁਰਜੀਤ ਸਿੰਘ, ਸੁਖਦੇਵ ਸਿੰਘ ਈਸਾਪੁਰ, ਜਗਤਾਰ ਸਿੰਘ, ਮੇਜਰ ਸਿੰਘ ਪੰਚ, ਲਛਮਣ ਸਿੰਘ, ਸਾਧੂ ਸਿੰਘ, ਹਰਦਿਆਲ ਸਿੰਘ ਸਾਬਕਾ ਪੰਚ ਕਾਤਰੋਂ, ਬਲਵੀਰ ਸਿੰਘ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।