ਖੇਤਰੀ ਪ੍ਰਤੀਨਿਧ
ਧੂਰੀ, 6 ਅਗਸਤ
ਪਿੰਡ ਬੁਗਰਾ ਵਿੱਚ ਲੰਘੇ ਦਿਨੀਂ ਰੰਜਿਸ਼ ਕਾਰਨ ਚੱਲੀਆਂ ਗੋਲੀਆਂ ਕਾਰਨ ਔਰਤ ਸਣੇ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੇ ਮਾਮਲੇ ਵਿੱਚ ਪੁਲੀਸ ਨੇ ਔਰਤ ਸਣੇ 11 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਸਦਰ ਧੂਰੀ ਵਿੱਚ ਸ਼ਿਵੰਦਰ ਸਿੰਘ ਵਾਸੀ ਬੁਗਰਾ ਦੇ ਬਿਆਨ ਦੇ ਆਧਾਰ ’ਤੇ ਦਰਜ ਹੋਏ ਕੇਸ ਅਨੁਸਾਰ ਉਨ੍ਹਾਂ ਦਾ ਹਰਦੀਪ ਸਿੰਘ ਨਾਲ ਪਿੰਡ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਢਾਹੁਣ ਸਬੰਧੀ ਝਗੜਾ ਸੀ, ਜਿਸ ਕਾਰਨ ਲੰਘੀ 4 ਅਗਸਤ ਨੂੰ ਮੁਲਜ਼ਮਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਦੇ ਬੱਸ ਸਟੈਂਡ ਨੇੜੇ ਉਸ (ਮੁੱਦਈ) ਦੇ ਭਤੀਜੇ ਸਤਨਾਮ ਸਿੰਘ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਸਤਨਾਮ ਵੱਲੋਂ ਰੌਲਾ ਪਾਉਣ ’ਤੇ ਮੁੱਦਈ ਤੇ ਉਸ ਦਾ ਲੜਕਾ ਦਲਵਿੰਦਰ ਸਿੰਘ ਅਤੇ ਸਤਨਾਮ ਦੀ ਮਾਤਾ ਅੰਮ੍ਰਿਤ ਕੌਰ, ਮੁਦੱਈ ਦਾ ਭਰਾ ਸੁਦਾਗਰ ਸਿੰਘ ਉਸ ਨੂੰ ਛੁਡਵਾਉਣ ਗਏ। ਇਸ ਤੋਂ ਬਾਅਦ ਹਮਲਾਵਰਾਂ ਨੇ ਸਾਨੂੰ ਆਪਣੇ ਵੱਲ ਆਉਂਦਿਆਂ ਦੇਖ ਹਰਦੀਪ ਸਿੰਘ ਵਾਸੀ ਬੁਗਰਾ ਨੇ ਆਪਣੀ 12 ਬੋਰ ਦੁਨਾਲੀ ਨਾਲ ਸਿੱਧਾ ਫਾਇਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਦਲਵਿੰਦਰ ਸਿੰਘ ਵੱਲ ਮਾਰਿਆ ਅਤੇ ਇਕ ਹੋਰ ਫਾਇਰ ਅੰਮ੍ਰਿਤ ਕੌਰ ਵੱਲ ਮਾਰਿਆ। ਇਸ ਕਾਰਨ ਦੋਵੇਂ ਜਣੇ ਜ਼ਖ਼ਮੀ ਹੋ ਗਏ। ਰੌਂਦ ਦੇ ਛਰ੍ਹੇ ਲੱਗਣ ਕਾਰਨ ਸੁਦਾਗਰ ਸਿੰਘ, ਜਨਕ ਸਿੰਘ ਤੇ ਹਰਦੀਪ ਸ਼ਰਮਾ ਉਰਫ ਮੱਖਣ ਵੀ ਜ਼ਖ਼ਮੀ ਹੋ ਗਏ।
ਪੁਲੀਸ ਨੇ ਸ਼ਿਵੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਹਰਦੀਪ ਸਿੰਘ, ਕਰਤਾਰ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ, ਜੀਤ ਕੌਰ, ਜਗਸੀਰ ਸਿੰਘ, ਅੰਮ੍ਰਿਤ ਸਿੰਘ ਉਰਫ ਬੂਰਾ ਵਾਸੀਆਨ ਬੁਗਰਾ ਸਮੇਤ 11 ਵਿਅਕਤੀਆਂ ਨੂੰ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਹੇਠ ਨਾਮਜ਼ਦ ਕੀਤਾ ਗਿਆ ਹੈ।