ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਮੁੱਖ ਅੰਸ਼
- ਸੁਖਪਾਲ ਖਹਿਰਾ ਨੇ ਘੁਟਾਲੇ ਦੇ ਮਾਮਲੇ ’ਤੇ ਵਿੱਤ ਮੰਤਰੀ ਨੂੰ ਸੁਆਲ ਕੀਤੇ
- ਵਿਧਾਇਕਾ ਇੰਦਰਜੀਤ ਨੇ ਦੋਆਬੇ ’ਚ ਨਹਿਰੀ ਪਾਣੀ ਦੀ ਤੋਟ ਦਾ ਮੁੱਦਾ ਉਠਾਇਆ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਬਜਟ ਇਜਲਾਸ ਦੇ ਸਿਫ਼ਰ ਕਾਲ ਦੌਰਾਨ ਔਰਤਾਂ ਨੂੰ ‘ਆਪ’ ਵੱਲੋਂ ਐਲਾਨੇ ਇੱਕ-ਇੱਕ ਹਜ਼ਾਰ ਰੁਪਏ ਦੀ ਵਿੱਤੀ ਮਦਦ ਦਾ ਮੁੱਦਾ ਚੁੱਕਿਆ। ਉਨ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦੀ ਜਿਹੜੀ ਗਾਰੰਟੀ ਦਿੱਤੀ ਗਈ ਸੀ, ਉਸ ਸਕੀਮ ਦੀ ‘ਆਪ’ ਸਰਕਾਰ ਕਦੋਂ ਸ਼ੁਰੂਆਤ ਕਰੇਗੀ। ਇਸ ਸਬੰਧੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 22 ਨਵੰਬਰ 2021 ਨੂੰ ਵਾਅਦਾ ਕੀਤਾ ਸੀ।
ਸ੍ਰੀ ਬਾਜਵਾ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਲਈ ਸਾਲਾਨਾ 12 ਹਜ਼ਾਰ ਕਰੋੜ ਦੇ ਫੰਡਾਂ ਦੀ ਲੋੜ ਹੈ। ਕੀ ਸਰਕਾਰ ਬਜਟ ਵਿਚ ਇਹ ਰਾਸ਼ੀ ਜਾਰੀ ਕਰ ਰਹੀ ਹੈ। ਸਿਫ਼ਰ ਕਾਲ ਦੌਰਾਨ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਨੇ ਦੋਆਬੇ ਵਿਚ ਨਹਿਰੀ ਪਾਣੀ ਦੀ ਤੋਟ ਦਾ ਮੁੱਦਾ ਉਠਾਇਆ। ਉਨ੍ਹਾਂ ਸੁਆਲ ਕੀਤਾ ਕਿ ਉਨ੍ਹਾਂ ਨੂੰ ਪਾਣੀ ਕਦੋਂ ਮਿਲੇਗਾ। ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਨੇ ਗਿਲਾ ਕੀਤਾ ਕਿ ਉਸ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਉਸ ਦਾ ਸਦਨ ਵਿਚਲਾ ਸਮਾਂ ਕਿੱਥੇ ਚਲਾ ਗਿਆ।
ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਖੰਡ ਮਿੱਲਾਂ ਦਾ ਕਾਂਗਰਸ ਸਰਕਾਰ ਵੇਲੇ ਕੋਈ ਬਕਾਇਆ ਨਹੀਂ ਸੀ। ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਨੇ ਮੁੱਲਾਂਪੁਰ ਦੇ ਰੇਲਵੇ ਦੀ ਜਗ੍ਹਾ ਵਿਚ ਬੈਠੇ 200 ਗਰੀਬ ਪਰਿਵਾਰਾਂ ਦਾ ਮੁੱਦਾ ਚੁੱਕਿਆ। ਇਹ ਪਰਿਵਾਰ ਪੰਜਾਹ ਸਾਲਾਂ ਤੋਂ ਇੱਥੇ ਬੈਠੇ ਹਨ ਅਤੇ ਹੁਣ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ। ਇਨ੍ਹਾਂ ਪਰਿਵਾਰਾਂ ਦੇ ਮੁੜ ਵਸੇਵੇ ਲਈ ਉਪਰਾਲੇ ਕੀਤੇ ਜਾਣ। ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਨੇ ਕਿਸਾਨਾਂ ਦੇ ਮੁਆਵਜ਼ੇ ਦਾ ਮਸਲਾ ਚੁੱਕਿਆ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪਲਾਂਟਾਂ ਦੇ ਘਪਲੇ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਚੀਮਾ ਖੁਦ ਵਿਰੋਧੀ ਧਿਰ ਦੇ ਆਗੂ ਹੁੰਦੇ ਸਨ ਤਾਂ ਇਸ ਮਾਮਲੇ ’ਤੇ ਰੌਲਾ ਪਾਉਂਦੇ ਹੁੰਦੇ ਸਨ ਪਰ ਹੁਣ ‘ਆਪ’ ਸਰਕਾਰ ਨੇ ਉਸ ਅਧਿਕਾਰੀ ਨੂੰ ਸੇਵਾਮੁਕਤੀ ਮਗਰੋਂ ਮੁੜ ਰੱਖ ਲਿਆ ਹੈ, ਜਿਸ ਦਾ ਨਾਂ ਘੁਟਾਲੇ ਵਿਚ ਬੋਲਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਇਸ ਦੀ ਜਾਂਚ ਨੂੰ ਲਟਕਾਇਆ ਸੀ ਪਰ ਇਸ ਮਾਮਲੇ ’ਤੇ ‘ਆਪ’ ਸਰਕਾਰ ਕਾਰਵਾਈ ਕਰੇ।
ਸ਼ਹਿਰਾਂ ਦਾ ਲਾਲ ਡੋਰਾ ਵਧਾਇਆ ਜਾਵੇ: ਗਿੱਲ
ਬਠਿੰਡਾ ਤੋਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਪੰਜਾਬ ਦੇ ਸ਼ਹਿਰਾਂ ਦੇ ਲਾਲ ਡੋਰੇ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰਾਂ ਦਾ ਪਸਾਰ ਬਹੁਤ ਹੋ ਚੁੱਕਾ ਹੈ ਪਰ 80 ਸਾਲ ਤੋਂ ਲਾਲ ਡੋਰਾ ਉਹੀ ਚੱਲਿਆ ਆ ਰਿਹਾ ਹੈ ਜਿਸ ਵਿਚ ਵਾਧਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਵਿਚ 2013 ਮਗਰੋਂ ਪ੍ਰਾਪਰਟੀ ਟੈਕਸ ਲਾਗੂ ਕਰ ਦਿੱਤਾ ਗਿਆ ਹੈ ਜਿਸ ਕਰਕੇ ਪੁਰਾਣਾ ਟੀਐਸ-1 ਰਜਿਸਟਰ ਖਤਮ ਹੋ ਗਿਆ ਹੈ। ਪਟਿਆਲਾ ਰਿਆਸਤ ਨੇ ਸ਼ਹਿਰ ਵਿਚ ਉਦੋਂ ਪੰਜ-ਪੰਜ ਰੁਪਏ ਵਿਚ ਦੁਕਾਨਾਂ ਅਲਾਟ ਕੀਤੀਆਂ ਸਨ, ਉਨ੍ਹਾਂ ਅਲਾਟੀਆਂ ਦੀ ਦਸਵੀਂ ਪੀੜ੍ਹੀ ਨੂੰ ਪੁਰਾਣੇ ਰਜਿਸਟਰ ਖਤਮ ਹੋੋਣ ਨਾਲ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਵਿਚ ਮਾਲ ਮਹਿਕਮੇ ਦੀਆਂ ਅਸਾਮੀਆਂ ਰੱਖੀਆਂ ਜਾਣ।
ਸਪੀਕਰ ਵੱਲੋਂ ਸਦਨ ਵਿੱਚ ਤਾੜਨਾ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰੰਘ ਸੰਧਵਾਂ ਨੇ ਅੱਜ ਸਮੁੱਚੇ ਸਦਨ ਨੂੰ ਤਾੜਨਾ ਕੀਤੀ ਕਿ ਸਪੀਕਰ ਦੇ ਅਮਲੇ ਦੇ ਕੰਮ ਕਰਨ ਦੇ ਤਰੀਕੇ ’ਤੇ ਸਵਾਲ ਉਠਾਉਣ ਤੋਂ ਗੁਰੇਜ਼ ਕੀਤਾ ਜਾਵੇ। ਚੇਤੇ ਰਹੇ ਕਿ ਕੱਲ੍ਹ ਸੁਖਪਾਲ ਖਹਿਰਾ ਨੇ ਸਪੀਕਰ ਦੇ ਸਟਾਫ ਬਾਰੇ ਟਿੱਪਣੀ ਕੀਤੀ ਸੀ। ਸਪੀਕਰ ਨੇ ਕਿਹਾ ਕਿ ਸਟਾਫ ਦੇ ਕੰਮ ਕਰਨ ਦੇ ਢੰਗ ਬਾਰੇ ਘਟੀਆ ਦਰਜੇ ਦੀ ਟਿੱਪਣੀ ਕਰਨਾ ਮਰਿਆਦਾ ਦੇ ਉਲਟ ਹੈ।