ਗਗਨਦੀਪ ਅਰੋੜਾ
ਲੁਧਿਆਣਾ, 18 ਜੂਨ
ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ ਦਾ ਸੇਕ ਪੰਜਾਬ ਵਿੱਚ ਵੀ ਪੁੱਜ ਗਿਆ ਹੈ ਅਤੇ ਫੌਜ ਦੀ ਭਰਤੀ ਲਈ ਤਿਆਰੀ ਕਰ ਰਹੇ ਨੌਜਵਾਨਾਂ ਨੇ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਭੰਨਤੋੜ ਕਰ ਦਿੱਤੀ। ਡੰਡੇ ਅਤੇ ਰਾਡਾਂ ਲੈ ਕੇ ਪੁੱਜੇ ਨੌਜਵਾਨਾਂ ਨੇ ਪਹਿਲਾਂ ਸਟੇਸ਼ਨ ਦੇ ਬਾਹਰ ਖੜ੍ਹੇ ਵਾਹਨਾਂ ਦੀ ਤੇ ਫਿਰ ਅੰਦਰ ਜਾ ਕੇ ਸਟਾਲਾਂ ਤੇ ਸਰਕਾਰੀ ਦਫ਼ਤਰਾਂ ਦੀ ਭੰਨਤੋੜ ਕੀਤੀ। ਇਸੇ ਦੌਰਾਨ ਜਗਰਾਉਂ ਪੁਲ ’ਤੇ ਨੌਜਵਾਨਾਂ ਨੇ ਪੁਲੀਸ ਦੀ ਪੀਸੀਆਰ ਵੈਨ ਅਤੇ ਫਿਰ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਪੁਲੀਸ ਪੈਟਰੋਲਿੰਗ ਕਾਰ ਦੀ ਭੰਨਤੋੜ ਕੀਤੀ। ਮਾਹੌਲ ਨੂੰ ਦੇਖਦੇ ਹੋਏ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡੀਐਸਪੀ ਰਜਨੀਸ਼ ਤ੍ਰਿਪਾਠੀ, ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਪੁੱਜੇ। ਪੁਲੀਸ ਨੇ ਰੇਲਵੇ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ। ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ’ਚ ਵੀ ਲਿਆ। ਘਟਨਾ ਤੋਂ ਬਾਅਦ ਪੁਲੀਸ ਨੇ ਸਟੇਸ਼ਨ ਦੇ ਚਾਰੇ ਪਾਸੇ ਘੇਰਾ ਪਾ ਲਿਆ। ਪੁਲੀਸ ਕਮਿਸ਼ਨਰ ਨੇ ਇਸ ਮਾਮਲੇ ’ਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਫੜ੍ਹੇ ਗਏ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਭੰਨਤੋੜ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਆਉਣ ਵਾਲੀਆਂ 17 ਰੇਲਗੱਡੀਆਂ ਨੂੰ ਵੀ ਰੱਦ ਕਰਨਾ ਪਿਆ।
ਦੱਸਣਯੋਗ ਹੈ ਕਿ ਲੁਧਿਆਣਾ ਵਿੱਚ ਫੌਜ ਭਰਤੀ ਦਾ ਸੈਂਟਰ ਹੈ ਜਿੱਥੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਨੌਜਵਾਨ ਅੱਜ ਇੱਥੇ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦਾ ਵਿਰੋਧ ਕਰਨ ਪੁੱਜੇ ਸਨ। ਪਹਿਲਾਂ ਨੌਜਵਾਨ ਭਾਰਤ ਨਗਰ ਚੌਕ ਵਿੱਚ ਇਕੱਠੇ ਹੋਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜਗਰਾਉਂ ਪੁਲ ਵੱਲ ਨੂੰ ਚਲੇ ਗਏ ਅਤੇ ਰਸਤੇ ਵਿੱਚ ਚੀਜ਼ਾਂ ਦੀ ਭੰਨਤੋੜ ਕਰਦੇ ਰਹੇ। ਜਗਰਾਉਂ ਪੁਲ ਤੇ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਖੜ੍ਹੀ ਪੀਸੀਆਰ ਵੈਨ ਨੂੰ ਡੰਡੇ ਮਾਰ ਮਾਰ ਕੇ ਤੋੜ ਦਿੱਤਾ ਗਿਆ। ਜਗਰਾਉਂ ਪੁਲ ਤੋਂ ਨੌਜਵਾਨ ਰੇਲਵੇ ਸਟੇਸ਼ਨ ਵੱਲ ਹੋ ਗਏ, ਜਿਥੇ ਰਸਤੇ ਵਿੱਚ ਲੱਗੇ ਪੁਲੀਸ ਦੇ ਸਾਰੇ ਬੈਰੀਕੇਡ ਤੋੜ ਦਿੱਤੇ। ਸਟੇਸ਼ਨ ਦੇ ਅੰਦਰ ਵੜ੍ਹਦੇ ਹੀ ਨੌਜਵਾਨਾਂ ਨੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਪਲੇਟਫਾਰਮ ਨੰਬਰ ਇੱਕ ਦੇ ਉਪਰ ਸਾਰੇ ਸ਼ੀਸ਼ੇ, ਸਾਮਾਨ, ਲਾਈਟਾਂ, ਬੈਂਚ, ਡਸਟਬਿਨ ਸਣੇ ਤਹਿਸ-ਨਹਿਸ ਕਰ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਪਲੈਟਫਾਰਮ ਨੇੜੇ ਪਾਵਰ ਕੈਬਿਨ ਕੋਲ ਖੜ੍ਹੇ 2 ਇੰਜਣਾਂ ’ਤੇ ਹਮਲਾ ਕੀਤਾ।
ਲੁਧਿਆਣਾ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ
ਇਸ ਭੰਨਤੋੜ ਦੀ ਸੂਚਨਾ ਜਿਵੇਂ ਹੀ ਲੁਧਿਆਣਾ ’ਚ ਪੁਲੀਸ ਨੂੰ ਮਿਲੀ ਤਾਂ ਸ਼ਹਿਰ ਪੁਲੀਸ ਛਾਉਣੀ ’ਚ ਤਬਦੀਲ ਹੋ ਗਿਆ ਹੈ। ਸਾਰੇ ਧਾਰਮਿਕ ਸਥਾਨਾਂ ਤੇ ਜਨਤਕ ਥਾਵਾਂ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਭੰਨਤੋੜ ਕਰਕੇ ਕੁਝ ਨੌਜਵਾਨ ਭੱਜ ਗਏ, ਪਰ ਕੁਝ ਨੂੰ ਪੁਲੀਸ ਨੇ ਕਾਬੂ ਕਰ ਲਿਆ। ਪੁਲੀਸ ਕਰਮੀਆਂ ਨੇ ਫੜ੍ਹੇ ਨੌਜਵਾਨਾਂ ਨੂੰ ਪਲੇਟਫਾਰਮ ’ਤੇ ਲੰਮੇ ਪਾ ਕੇ ਕੁੱਟਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹਾਂ ’ਤੇ ਕੱਪੜੇ ਬੰਨ੍ਹੇ ਹੋਏ ਸਨ। ਉਧਰ, ਘਟਨਾ ਤੋਂ ਬਾਅਦ ਤੱਕ ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਦੀ ਥਾਣਾ ਜੀਆਰਪੀ ਤੇ ਆਰਪੀਐਫ਼ ਦੇ ਉਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦੇ ਰਹੇ।
ਨੌਜਵਾਨਾਂ ਨੂੰ ਯੋਜਨਾ ਕਰਕੇ ਬੁਲਾਇਆ ਗਿਆ ਲੁਧਿਆਣਾ: ਉਧਰ, ਘਟਨਾ ਤੋਂ ਬਾਅਦ ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਫੌਜ ’ਚ ਭਰਤੀ ਦੇ ਪੇਪਰ ਦਿੱਤੇ ਸਨ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਹੰਗਾਮਾ ਕੀਤਾ ਗਿਆ ਹੈ। ਅੱਜ ਉਨ੍ਹਾਂ ਨੂੰ ਕਿਸੇ ਨੇ ਵਰਗਲਾ ਬੁਲਾਇਆ ਸੀ। ਬਰਾੜ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਗਰੁੱਪ ਬਣੇ ਹੋਏ ਹਨ। ਇਨ੍ਹਾਂ ਗਰੁੱਪਾਂ ’ਚ ਕੁਝ ਨੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕੀਤੀਆਂ ਹਨ। ਪੁਲੀਸ ਵੱਲੋਂ ਹਿਰਾਸਤ ’ਚ ਲਏ ਨੌਜਵਾਨਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਉੱਤਰੀ ਰੇਲਵੇ ਵੱਲੋਂ 17 ਰੇਲ ਗੱਡੀਆਂ ਰੱਦ: ਉਧਰ, ਉੱਤਰ ਰੇਲਵੇ ਨੇ ਮੁੱਖ ਰੂਪ ’ਚ ਉੱਤਰ ਪ੍ਰਦੇਸ਼ ਤੇ ਬਿਹਾਰ ਵੱਲ ਜਾਣ ਵਾਲੀਆਂ ਕੁੱਲ 17 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਰੇਲ ਗੱਡੀਆਂ ’ਚ 13258 ਆਨੰਦ ਬਿਹਾਰ ਜਨਸਾਧਾਰਨ ਐਕਸਪ੍ਰੈੱਸ, 22406 ਭਾਗਲਪੁਰ ਗਰੀਬਰੱਥ ਐਕਸਪ੍ਰੈੱਸ, 20802 ਨਵੀਂ ਦਿੱਲੀ ਮਗਧ ਐਕਸਪ੍ਰੈੱਸ, 13484 ਡੇਲੀ ਐਕਸਪ੍ਰੈੱਸ, 12802 ਨਵੀਂ ਦਿੱਲੀ-ਪੁਰੀ ਪੁਰਸ਼ੋਤਮ ਐਕਸਪ੍ਰੈੱਸ, 15657 ਦਿੱਲੀ-ਡਬਿਰੂਗੜ੍ਹ ਬ੍ਰਹਮਪੁੱਤਰਾ ਮੇਲ, 14006 ਆਨੰਦ ਬਿਹਾਰ ਸੀਤਾਮੜੀ ਐਕਸਪ੍ਰੈੱਸ ਆਦਿ ਸ਼ਾਮਲ ਹਨ।
ਜਲੰਧਰ ’ਚ ਕਈ ਕਿਲੋਮੀਟਰ ਤੱਕ ਲੱਗੀਆਂ ਰਹੀਆਂ ਵਾਹਨਾਂ ਦੀਆਂ ਲਾਈਨਾਂ
ਪਾਲ ਸਿੰਘ ਨੌਲੀ
ਜਲੰਧਰ, 18 ਜੂਨ
ਫੌਜ ਵਿੱਚ ਭਰਤੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਅਗਨੀਪਥ ਸਕੀਮ ਦਾ ਨੌਜਵਾਨਾਂ ਨੇ ਤਿੱਖਾ ਵਿਰੋਧ ਕਰਦਿਆਂ ਇੱਥੇ ਸਾਢੇ ਚਾਰ ਘੰਟੇ ਤੱਕ ਨੈਸ਼ਨਲ ਹਾਈਵੇ ’ਤੇ ਜਾਮ ਲਾਈ ਰੱਖਿਆ। ਮਾਝੇ ਤੇ ਦੋਆਬੇ ਦੇ ਜ਼ਿਲ੍ਹਿਆਂ ਵਿੱਚੋਂ ਆਏ ਨੌਜਵਾਨਾਂ ਨੇ ਸਵੇਰੇ ਸਾਢੇ 11 ਵਜੇ ਤੋਂ ਰਾਮਾਮੰਡੀ ਚੌਕ ਨੇੜੇ ਧਰਨਾ ਲਾਉਣ ਦੀ ਸ਼ੁਰੂਆਤ ਕੀਤੀ ਸੀ ਫਿਰ ਹੋਰ ਜ਼ਿਲ੍ਹਿਆਂ ਤੋਂ ਨੌਜਵਾਨ ਵੱਡੀ ਗਿਣਤੀ ਵਿੱਚ ਪਹੁੰਚ ਗਏ ਤੇ ਉਨ੍ਹਾਂ ਨੇ ਪੀਏਪੀ ਅਤੇ ਰਾਮਾ ਮੰਡੀ ਦੇ ਫਲਾਈਓਵਰਾਂ ਦੇ ਵਿਚਕਾਰ ਸੜਕ ’ਤੇ ਜਾਮ ਲਾ ਦਿੱਤਾ। ਥੋੜ੍ਹੇ ਸਮੇਂ ਦੇ ਬਾਅਦ ਹੀ ਉਨ੍ਹਾਂ ਨੇ ਨਾਲ ਲੱਗਦੀਆਂ ਸਰਵਿਸ ਲੇਨਜ਼ ਵੀ ਰੋਕ ਦਿੱਤੀਆਂ। ਰੋਸ ਧਰਨੇ ਦੀ ਅਗਵਾਈ ਕਰ ਰਹੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ 21 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇਕੱਠ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰਨਗੀਆਂ।
ਨੈਸ਼ਨਲ ਹਾਈਵੇ ’ਤੇ ਅੱਜ ਦਾ ਜਾਮ ਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਲਾਇਆ ਗਿਆ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਸੰਘਰਸ਼ ਦਾ ਪਤਾ ਨਹੀਂ ਸੀ। ਅਚਾਨਕ ਲੱਗੇ ਇਸ ਧਰਨੇ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਵੱਡੀ ਗਿਣਤੀ ਵਿੱਚ ਪਹੁੰਚੀ ਪੁਲੀਸ ਨੇ ਰੋਸ ਪ੍ਰਗਟਾ ਰਹੇ ਨੌਜਵਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਬੇਅਸਰ ਰਿਹਾ। ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਐਲਾਨ ਕੀਤਾ ਕਿ ਬੇਰੁਜ਼ਗਾਰ ਜਵਾਨੀ ਦੇ ਜਜ਼ਬਾਤ ਨੂੰ ਸੱਟ ਮਾਰਨ ਵਾਲੀ ਮੋਦੀ ਸਰਕਾਰ ਵੱਲੋਂ ਐਲਾਨੀ ਅਗਨੀਪਥ ਨਾਮ ਦੀ ਫੌਜੀ ਠੇਕਾ ਭਰਤੀ ਨੂੰ ਕਿਸੇ ਕੀਮਤ ’ਤੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਰਮਨ ਅਰੋੜਾ ਨੇ ਨੌਜਵਾਨ ਆਗੂ ਧਰਮਿੰਦਰ ਸਿੰਘ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਫੋਨ ’ਤੇ ਗੱਲ ਵੀ ਕਰਵਾਈ। ਇਸ ਜਾਮ ਵਿੱਚ ਲੋਕ ਘੰਟਿਆਂ ਬੱਧੀ ਫਸੇ ਰਹੇ ਤੇ ਬਹੁਤ ਸਾਰੀਆਂ ਐਬੂਲੈਂਸਾਂ ਵੀ ਫਸੀਆਂ ਰਹੀਆਂ। ਪੁਲੀਸ ਨੇ ਆਵਾਜਾਈ ਦਾ ਰੂਟ ਬਦਲਣ ਦੇ ਪ੍ਰਬੰਧ ਕੀਤੇ ਸਨ ਪਰ ਸਭ ਬੇਕਾਰ ਗਏ।
ਅੰਮ੍ਰਿਤਸਰ ਰੇਲਵੇ ਸਟੇਸ਼ਨ ਅਤੇ ਸ਼ਹਿਰ ਵਿੱਚ ਚੌਕਸੀ ਵਧਾਈ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕੇਂਦਰ ਸਰਕਾਰ ਵੱਲੋਂ ਐਲਾਨੀ ਅਗਨੀਪਥ ਯੋਜਨਾ ਖ਼ਿਲਾਫ਼ ਦੇਸ਼ ਭਰ ਵਿੱਚ ਹੋ ਰਹੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਅੱਜ ਇੱਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਕਈ ਹੋਰ ਥਾਵਾਂ ’ਤੇ ਚੌਕਸੀ ਵਜੋਂ ਵਧੇਰੇ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਇੱਥੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਇੱਥੇ ਰੇਲਵੇ ਸਟੇਸ਼ਨ ਤੇ ਅੱਜ ਚੌਕਸੀ ਵਜੋਂ ਵਧੇਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜੀਆਰਪੀ ਵੱਲੋਂ ਸਟੇਸ਼ਨ ’ਤੇ ਆ ਰਹੇ ਯਾਤਰੂਆਂ ਦਾ ਸਾਮਾਨ ਆਦਿ ਮਸ਼ੀਨਾਂ ਰਾਹੀਂ ਚੈੱਕ ਕੀਤਾ ਜਾ ਰਿਹਾ ਸੀ। ਜੀਆਰਪੀ ਦੇ ਐੱਸਐੱਚਓ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ ਅਤੇ ਜੀਆਰਪੀ ਦੇ ਵਾਧੂ ਬਲ ਨੂੰ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟੇਸ਼ਨ ਦੇ ਗੇਟਾਂ ’ਤੇ ਪੰਜਾਬ ਪੁਲੀਸ ਤਾਇਨਾਤ ਕੀਤੀ ਗਈ ਹੈ ਜਦਕਿ ਸਟੇਸ਼ਨ ਦੇ ਅੰਦਰ ਜੀਆਰਪੀ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।