ਨਵੀਂ ਦਿੱਲੀ, 1 ਜੁਲਾਈ
ਗੁਰਦਾਸਪੁਰ ਪ੍ਰਸ਼ਾਸਨ ਨੇ ਪੁਲੀਸ, ਸੀਆਰਪੀਐੱਫ ਅਤੇ ਫ਼ੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ‘ਸੁਪਰ-30’ ਬੈਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਉਨ੍ਹਾਂ ਨੂੰ ਲਿਖਤੀ ਅਤੇ ਸਰੀਰਕ ਟੈਸਟਾਂ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਟੀਚਾ ਸਿਖਲਾਈ ਪ੍ਰੋਗਰਾਮ ’ਚ ਗਰੀਬ ਪਰਿਵਾਰਾਂ ਤੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਸ਼ਾਮਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਬੀਐੱਸਐੱਫ, ਫ਼ੌਜ ਤੇ ਸੀਆਰਪੀਐੱਫ ਵਿੱਚ ਭਰਤੀ ਹੋਣ ਲਈ ਤਿੰਨ ਤੋਂ ਚਾਰ ਮਹੀਨੇ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਟੈਸਟਾਂ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਸਿਖਲਾਈ ਪ੍ਰੋਗਰਾਮ ਲਈ 30 ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ। ਇਸ ਮਗਰੋਂ ਅਗਲੇ 30 ਵਿਦਿਆਰਥੀਆਂ ਦੇ ਬੈਚ ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ‘ਸੁਪਰ-30’ ਬੈਚ ਇਸੇ ਮਹੀਨੇ ਸ਼ੁਰੂ ਕੀਤਾ ਜਾਵੇਗਾ। -ਪੀਟੀਆਈ