ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਇੱਕ ਨਵੀਂ ਸ਼ੁਰੂਆਤ ਕੀਤੀ ਤਾਂ ਜੋ ਕਰੋਨਾ ਮੁਕਤ ਪੰਜਾਬ ਮੁਹਿੰਮ ਤਹਿਤ ਸੂਬੇ ਦੇ ‘ਮਿਸ਼ਨ ਫਤਹਿ 2.0’ ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਕਰੋਨਾ ਨਾਲ ਨਜਿੱਠਣ ਲਈ ਪ੍ਰਤੀ ਪਿੰਡ ਜਾਂ ਪ੍ਰਤੀ ਮਿਉਂਸਿਪਲ ਵਾਰਡ ਸੱਤ ਰੂਰਲ ਕਰੋਨਾ ਵਾਲੰਟੀਅਰ (ਆਰਸੀਵੀ) ਸਮੂਹ ਕਾਇਮ ਕਰਨ ਦੇ ਨਿਰਦੇਸ਼ ਵੀ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿੰਡਾਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ‘ਕਰੋਨਾ ਮੁਕਤ ਪਿੰਡ’ ਲਈ ਇੱਕ ਸੁਚੱਜੀ ਮੁਹਿੰਮ ਚਲਾਈ ਜਾਵੇ। ਉਨ੍ਹਾਂ ਖੇਡ ਤੇ ਯੁਵਾ ਮਾਮਲੇ ਵਿਭਾਗ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਅਜਿਹੇ ਆਰਸੀਵੀ ਸਮੂਹ ਤੁਰੰਤ ਕਾਇਮ ਕੀਤੇ ਜਾਣ ਜੋ ਕਰੋਨਾ ਖ਼ਿਲਾਫ਼ ਜੰਗ ਵਿੱਚ ਅਹਿਮ ਯੋਗਦਾਨ ਪਾਉਣ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਕਲੱਬ ਵੀ ਆਰਸੀਵੀ ਬਣ ਸਕਦੇ ਹਨ। ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਭਰਪੂਰ ਹੁੰਗਾਰੇ ਸਦਕਾ ਹੀ ਤਿੰਨ ਹਫ਼ਤਿਆਂ ਦੌਰਾਨ ਸੂਬੇ ਵਿਚ ਕਰੋਨਾ ਦੇ ਮਾਮਲੇ 9,000 ਤੋਂ ਘੱਟ ਕੇ 4,000 ਤੱਕ ਹੀ ਰਹਿ ਗਏ ਹਨ ਪਰ ਇਸ ਵਾਰ ਪੇਂਡੂ ਖੇਤਰਾਂ ਉੱਤੇ ਕੋਵਿਡ ਦੀ ਜ਼ਿਆਦਾ ਮਾਰ ਹੋਣ ਕਾਰਨ ਸਥਿਤੀ ਅਜੇ ਵੀ ਗੰਭੀਰ ਹੈ। ਮੁੱਖ ਮੰਤਰੀ ਨੇ ਅੱਜ ਇਹ ਐਲਾਨ ਕੀਤਾ ਕਿ ਯੁਵਾ ਮਾਮਲੇ ਵਿਭਾਗ ਵੱਲੋਂ 1 ਲੱਖ ਬੈਜ ਤੇ 1 ਲੱਖ ਕਾਰ ਸਟਿੱਕਰ, ਜਿਨ੍ਹਾਂ ਉੱਤੇ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਲਿਖਿਆ ਹੋਵੇ, ਵੰਡੇ ਜਾਣ ਦੀ ਸ਼ੁਰੂਆਤ ਕੀਤੀ ਜਾਵੇਗੀ। ਸੂਬੇ ਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਫਿਲਮ ਅਦਾਕਾਰ ਸੋਨੂੰ ਸੂਦ ਨੇ ਲੋਕਾਂ ਨੂੰ ਟੀਕਾਕਰਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦਾ ਸੱਦਾ ਦਿੱਤਾ।
ਬਲੈਕ ਫੰਗਸ ਮਾਮਲਿਆਂ ਦੀ ਗਿਣਤੀ 188 ਤੱਕ ਪੁੱਜੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹੁਣ ਤੱਕ ਮਿਊਕਰਮਾਇਕੋਸਿਸ (ਬਲੈਕ ਫੰਗਸ) ਦੇ ਮਾਮਲਿਆਂ ਦੀ ਗਿਣਤੀ 188 ਤੱਕ ਪੁੱਜਣ ’ਤੇ ਨਿਰਦੇਸ਼ ਦਿੱਤੇ ਹਨ ਕਿ ਇਸ ਦੇ ਇਲਾਜ ਲਈ ਐਮਫੋਟੈਰੀਸਿਨ ਦਵਾਈ ਦੀ ਘਾਟ ਨੂੰ ਦੇਖਦਿਆਂ ਸੂਬੇ ਵਿੱਚ ਬਦਲਵੀਆਂ ਦਵਾਈਆਂ ਦੇ ਸਟਾਕ ਦੀ ਮਾਤਰਾ ਵਧਾਈ ਜਾਵੇ। ਸੂਬੇ ਕੋਲ ਸਿਰਫ ਲੀਪੋਸੋਮਲ ਐਮਫੋਟੈਰੀਸਿਨ ਬੀ ਦੇ ਟੀਕੇ ਸਟਾਕ ਵਿੱਚ ਰਹਿਣ ਅਤੇ ਅੱਜ ਇਸੇ ਦੇ ਮਹਿਜ਼ 880 ਹੋਰ ਟੀਕੇ ਮਿਲਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਬਦਲਵੀਆਂ ਦਵਾਈਆਂ ਦਾ ਸਟਾਕ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।