ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ/ 5 ਜੁਲਾਈ
ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਹਰਪ੍ਰੀਤ ਸਿੰਘ ਹੈਪੀ ਵਾਸੀ ਪਿੰਡ ਜੱਲ੍ਹਾ ਨੂੰ ਫ਼ਤਹਿਗੜ੍ਹ ਸਾਹਿਬ ਦੀ ਇੱਕ ਅਦਾਲਤ ਵੱਲੋਂ 20 ਸਾਲ ਕੈਦ ਅਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਮੁਤਾਬਿਕ 15 ਸਾਲ ਦੇ ਕਰੀਬ ਉਮਰ ਦੀ ਨਾਬਾਲਗ ਲੜਕੀ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਗਵਾਂਢੀਆਂ ਦੇ ਘਰ ਆਉਣ ਜਾਣ ਵਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਫਲੋਟਿੰਗ ਰੈਸਟੋਰੈਂਟ ਸਰਹਿੰਦ ਨੇੜਿਓਂ ਲੰਘਦੀ ਭਾਖੜਾ ਨਹਿਰ ਕੰਢੇ ਝਾੜੀਆਂ ’ਚ ਲਿਜਾ ਕੇ ਬਲਾਤਕਾਰ ਕੀਤਾ ਗਿਆ ਤੇ ਸਵੇਰ ਹੋਣ ’ਤੇ ਉਸ ਨੂੰ ਸਰਹਿੰਦ ਦੇ ਬੱਸ ਅੱਡੇ ’ਤੇ ਇਹ ਕਹਿ ਕੇ ਛੱਡ ਗਿਆ ਕਿ ਆਪਾਂ ਪਟਿਆਲੇ ਚੱਲਦੇ ਹਾਂ ਤੂੰ ਇਥੇ ਰੁਕ ਮੈਂ ਕੁਝ ਜ਼ਰੂਰੀ ਸਮਾਨ ਲੈ ਕੇ ਹੁਣੇ ਵਾਪਸ ਆਉਂਦਾ ਹਾਂ ਜਿਸ ਤੋਂ ਬਾਅਦ ਉਹ ਪਹਿਲਾਂ ਉਸਨੂੰ ਸਰਹਿੰਦ ਦੇ ਬੱਸ ਅੱਡੇ ਤੇ ਫਿਰ ਪਟਿਆਲਾ ਦੇ ਬੱਸ ਅੱਡੇ ’ਤੇ ਉਡੀਕਦੀ ਰਹੀ ਪਰ ਉਹ ਮੁੜਕੇ ਨਹੀਂ ਆਇਆ। ਪੀੜਤ ਲੜਕੀ ਦੇ ਬਿਆਨਾਂ ’ਤੇ ਥਾਣਾ ਸਰਹਿੰਦ ਦੀ ਪੁਲੀਸ ਵੱਲੋਂ ਮਿਤੀ 28 ਦਸੰਬਰ 2020 ਨੂੰ ਹਰਪ੍ਰੀਤ ਸਿੰਘ ਹੈਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਦਾਲਤ ਨੇ ਸੁਣਵਾਈ ਦੌਰਾਨ ਦੋਸ਼ੀ ਨੂੰ 20 ਸਾਲ ਕੈਦ ਬਾਮੁਸ਼ੱਕਤ ਅਤੇ ਦਸ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।