ਪੱਤਰ ਪ੍ਰੇਰਕ
ਸਮਾਣਾ/ਪਾਤੜਾਂ, 16 ਅਗਸਤ
ਪਿੰਡ ਬਹਿਰ ਜੱਛ ਵਿੱਚ ਸੋਮਵਾਰ ਨੂੰ ਰੰਜਿਸ਼ ਕਾਰਨ ਸਰਪੰਚ ਦੇ ਪਤੀ ਨੇ ਸਾਥੀਆਂ ਸਣੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਨੌਜਵਾਨ ਦੀ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ। ਲੜਾਈ ਵਿੱਚ ਇੱਕ ਹਮਲਾਵਰ ਸਣੇ ਮ੍ਰਿਤਕ ਦਾ ਭਰਾ ਵੀ ਜ਼ਖ਼ਮੀ ਹੋਇਆ ਹੈ। ਜਾਂਚ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਂਝਾ ਰਾਮ (30) ਪੁੱਤਰ ਕੋਲਾ ਰਾਮ ਦੇ ਭਰਾ ਜੋਨੀ ਰਾਮ ਅਨੁਸਾਰ ਰਾਂਝਾ ਸੀਮਿੰਟ ਲੈਣ ਜਾ ਰਿਹਾ ਸੀ ਤਾਂ ਸਰਪੰਚ ਸੁਮਨ ਲਤਾ ਦੇ ਪਤੀ ਸੰਜੀਵ ਕੁਮਾਰ ਨੇ ਆਪਣੇ ਸਾਥੀਆਂ ਸਣੇ ਕਿਰਚਾਂ ਨਾਲ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਨੇ ਦੱਸਿਆ ਕਿ ਸੰਜੀਵ ਕੁਮਾਰ, ਰਿੰਕੂ ਰਾਮ, ਸੁਰਜੀਤ ਰਾਮ, ਡੋਗਰ ਰਾਮ, ਰਵੀ ਰਾਮ, ਹਰੀਸ਼ ਕੁਮਾਰ ਤੇ ਰਾਜ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਦੌਰਾਨ ਮ੍ਰਿਤਕ ਦੇ ਵਾਰਸਾਂ ਨੇ ਲਾਸ਼ ਨੂੰ ਦਿੱਲੀ-ਸੰਗਰੂਰ ਮਾਰਗ ’ਤੇ ਰੱਖ ਕੇ ਸ਼ਹੀਦ ਭਗਤ ਸਿੰਘ ਚੌਕ ਜਾਮ ਕਰ ਦਿੱਤਾ।