ਪੱਤਰ ਪ੍ਰੇਰਕ
ਸੰਗਤ ਮੰਡੀ, 24 ਅਪਰੈਲ
ਪਿੰਡ ਸੰਗਤ ਕਲਾਂ ਵਿੱਚ ਬੀਤੀ ਰਾਤ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਨੰਦਨ ਸਿੰਘ ਉਰਫ਼ ਗੁਰਭੇਜ ਸਿੰਘ (24) ਵਜੋਂ ਹੋਈ ਹੈ। ਪਿੰਡ ਸੰਗਤ ਕਲਾਂ ਵਾਸੀ ਗੁਰਸੇਵਕ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਗੁਰਭੇਜ ਸਿੰਘ ਵਾਲ ਕਟਿੰਗ ਦਾ ਕੰਮ ਕਰਦਾ ਸੀ ਅਤੇ ਉਸ ਦੀ ਦੁਕਾਨ ’ਚ ਆਉਂਦੇ ਨਸ਼ੇੜੀਆਂ ਕਾਰਨ ਉਹ ਪਿਛਲੇ ਕਰੀਬ 5-6 ਸਾਲਾਂ ਤੋਂ ਮਾੜੀ ਸੰਗਤ ’ਚ ਪੈ ਕੇ ਖੁਦ ਵੀ ਨਸ਼ੇ ਕਰਨ ਲੱਗ ਪਿਆ ਸੀ। ਉਹ ਦੁਕਾਨ ਛੱਡ ਕੇ ਘਰ ਵੀ ਘੱਟ ਵੱਧ ਹੀ ਆਉਦਾ ਸੀ। ਬੀਤੀ ਰਾਤ ਉਸ ਨੇ ਪਿੰਡ ਦੀ ਧਰਮਸ਼ਾਲਾ ’ਚ ਹੋਰ ਨੌਜਵਾਨਾਂ ਨਾਲ ਮਿਲ ਕੇ ਨਸ਼ੇ ਦੀ ਓਵਰਡੋਜ਼ ਲੈ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦਾ ਪਤਾ ਸਵੇਰੇ ਲੱਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ।