ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਮਾਰਚ
ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਨੂੰ ਪੋਲੈਂਡ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਯੂਥ ਕਾਂਗਰਸ ਦੇ ਆਗੂ ਨੇ ਪੁਲੀਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਅੰਗਦ ਦੱਤਾ ਨੇ ਦੱਸਿਆ ਕਿ ਧਮਕੀ ਦੇਣ ਵਾਲਾ ਵਿਅਕਤੀ ਖ਼ੁਦ ਨੂੰ ਪੰਜਾਬ ਦਾ ਵੱਡਾ ਗੈਂਗਸਟਰ ਦੱਸ ਰਿਹਾ ਸੀ ਜਿਸ ਨੇ ਫੋਨ ’ਤੇ ਪਹਿਲਾਂ ਉਸ ਦਾ ਨਾਂ ਪੁੱਛਿਆ ਤੇ ਮਗਰੋਂ ਉਸ ਦੀ ਗੱਡੀ ਦਾ ਨੰਬਰ ਵੀ ਦੱਸਿਆ। ਅੰਗਦ ਦੱਤਾ ਨੇ ਦਾਅਵਾ ਕੀਤਾ ਕਿ ਫੋਨ ਕਰਨ ਵਾਲੇ ਨੂੰ ਪਤਾ ਸੀ ਕਿ ਉਹ ਇਸ ਵੇਲੇ ਕਾਂਗਰਸ ਭਵਨ ਵਿੱਚ ਮੌਜੂਦ ਸੀ। ਕਾਂਗਰਸੀ ਆਗੂ ਨੇ ਸੰਭਾਵਨਾ ਜਤਾਈ ਕਿ ਇਹ ਧਮਕੀ ਉਸ ਨੂੰ ਪਾਰਟੀ ਲਈ ਕੀਤੀਆਂ ਰੈਲੀਆਂ ਕਾਰਨ ਮਿਲੀ ਹੈ। ਜਿਸ ਮਗਰੋਂ ਉਸ ਨੇ ਗਤੀਵਿਧੀਆਂ ਸੀਮਤ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪੁਲੀਸ ਨੇ ਅੰਗਦ ਨੂੰ ਸੁਰੱਖਿਆ ਦਿੱਤੀ ਹੋਈ ਸੀ, ਜੋ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਵਾਪਸ ਲੈ ਲਈ ਗਈ ਸੀ।