ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਅਕਤੂਬਰ
ਸਥਾਨਕ ਮਜੀਠਾ ਰੋਡ ਇਲਾਕੇ ਦੇ ਇੱਕ ਗੁਰਦੁਆਰੇ ਵਿੱਚ ਅੱਜ ਸ਼ਾਮ ਇਕ ਅਣਪਛਾਤੇ ਵਿਅਕਤੀ ਵੱਲੋਂ ਕਥਿਤ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ, ਜਿਸ ਨੂੰ ਗੁਰਦੁਆਰੇ ਦੇ ਸੇਵਾਦਾਰ ਅਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਲੋਕਾਂ ਨੇ ਇਸ ਵਿਅਕਤੀ ਨੂੰ ਗੁਰਦੁਆਰੇ ਦੇ ਥੰਮ੍ਹ ਨਾਲ ਬੰਨ੍ਹ ਕੇ ਮਾਰਕੁੱਟ ਕੀਤੀ ਤੇ ਪੁਲੀਸ ਹਵਾਲੇ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮਜੀਠਾ ਰੋਡ ਦੇ ਐੱਸਐੱਚਓ ਮੋਹਿਤ ਕੁਮਾਰ ਮੌਕੇ ’ਤੇ ਪੁੱਜੇ ਅਤੇ ਬੇਅਦਬੀ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।
ਵੇਰਵਿਆਂ ਮੁਤਾਬਕ ਇਹ ਵਿਅਕਤੀ ਅੱਜ ਸ਼ਾਮ ਨੂੰ ਉਸ ਵੇਲੇ ਗੁਰਦੁਆਰੇ ਵਿੱਚ ਦਾਖ਼ਲ ਹੋਇਆ ਜਦੋਂ ਉਥੇ ਕੋਈ ਨਹੀਂ ਸੀ। ਉਸ ਨੇ ਪਹਿਲਾਂ ਗੋਲਕ ਵਿੱਚੋਂ ਕੁਝ ਪੈਸੇ ਚੋਰੀ ਕੀਤੇ ਅਤੇ ਬਾਅਦ ਵਿੱਚ ਪ੍ਰਕਾਸ਼ ਅਸਥਾਨ ’ਤੇ ਰੱਖੇ ਸ਼ਸ਼ਤਰ ਚੁੱਕ ਲਏ। ਇਸ ਤੋਂ ਬਾਅਦ ਉਸ ਨੇ ਉਥੋਂ ਭੱਜਣ ਦਾ ਯਤਨ ਕੀਤਾ ਪਰ ਇਸ ਦੌਰਾਨ ਸੇਵਾਦਾਰ ਨੇ ਉਸ ਨੂੰ ਦੇਖ ਲਿਆ ਅਤੇ ਕਾਬੂ ਕਰ ਲਿਆ। ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਵੀ ਉਹ ਚੁੱਪ ਰਿਹਾ। ਇਸ ਵਿਅਕਤੀ ਨੂੰ ਮਾਨਸਿਕ ਬਿਮਾਰ ਦੱਸਿਆ ਜਾ ਰਿਹਾ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਕਰ ਲਈ ਹੈ ਅਤੇ ਉਸ ਦੇ ਪਰਿਵਾਰ ਦਾ ਪਤਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।