ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਅਗਸਤ
ਮੁੱਖ ਅੰਸ਼
- ਬਾਦਲ ਪਰਿਵਾਰ ਤੇ ਬਿਕਰਮ ਮਜੀਠੀਆ ਦਾ ਨਜ਼ਦੀਕੀ ਸਮਝਿਆ ਜਾਂਦਾ ਸੀ ਮਿੱਡੂਖੇੜਾ
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਨੂੰ ਅੱਜ ਮੁਹਾਲੀ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਹ ਇੱਥੇ ਆਪਣੇ ਪਰਿਵਾਰ ਅਤੇ ਵੱਡੇ ਭਰਾ ਤੇ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨਾਲ ਰਹਿ ਰਿਹਾ ਸੀ। ਇਹ ਘਟਨਾ ਇੱਥੋਂ ਦੇ ਸੈਕਟਰ-71 ਸਥਿਤ ਕਮਿਊਨਿਟੀ ਸੈਂਟਰ ਨੇੜਲੀ ਮਾਰਕੀਟ ਵਿੱਚ ਸਮੀਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਵਾਪਰੀ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਜਾਣਕਾਰਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਉੱਥੇ ਮਾਰਕੀਟ ਨੇੜੇ ਪੀਸੀਆਰ ਦੀ ਗੱਡੀ ਖੜ੍ਹੀ ਸੀ ਪਰ ਪੁਲੀਸ ਦੇ ਤੁਰੰਤ ਹਰਕਤ ਵਿੱਚ ਨਾ ਆਉਣ ਕਾਰਨ ਇਹ ਦੁਖਾਂਤ ਵਾਪਰਿਆ ਹੈ। ਸੂਚਨਾ ਮਿਲਦੇ ਹੀ ਐੱਸਐੱਸਪੀ ਸਤਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਪਰਿਵਾਰ ਨੂੰ ਮਿਲ ਕੇ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਹਮਲਾਵਰਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਅਤੇ ਮਟੌਰ ਥਾਣੇ ਦੇ ਐੱਸਐੱਚਓ ਮਨਫੂਲ ਸਿੰਘ ਵੀ ਮੌਕੇ ’ਤੇ ਪਹੁੰਚੇ।
ਫਿਲਹਾਲ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਰੂਪਨਗਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਤੂਰ ਨੇ ਵੀ ਘਟਨਾ ਦਾ ਜਾਇਜ਼ਾ ਲਿਆ। ਮੁਲਜ਼ਮਾਂ ਦੀ ਜਲਦੀ ਪੈੜ ਨੱਪਣ ਲਈ ਸਿੱਟ ਬਣਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿੱਕੀ ਅੱਜ ਪ੍ਰਾਪਰਟੀ ਦੀ ਖ਼ਰੀਦ-ਵੇਚ ਦੇ ਸਿਲਸਿਲੇ ’ਚ ਸੈਕਟਰ-71 ਦੀ ਮਾਰਕੀਟ ਵਿੱਚ ਸਮੀਰ ਪ੍ਰਾਪਰਟੀ ਡੀਲਰ ਨੂੰ ਮਿਲ ਕੇ ਜਿਵੇਂ ਹੀ ਵਾਪਸ ਜਾਣ ਲਈ ਆਪਣੀ ਫਾਰਚੂਨਰ ਗੱਡੀ ’ਚ ਬੈਠਣ ਲੱਗਾ ਤਾਂ ਐਨੇ ਵਿੱਚ ਦੋ ਹਥਿਆਰਬੰਦ ਨੌਜਵਾਨਾਂ ਨੇ ਉਸ ’ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਵਿੱਕੀ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਿੰਡ ਮਟੌਰ ਦੇ ਵਸਨੀਕ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਵਿੱਕੀ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਮਲਾਵਰ ਆਈ-20 ਕਾਰ ਵਿੱਚ ਆਏ ਸੀ। ਦੋਵੇਂ ਹਮਲਾਵਰਾਂ ਸਿਰ ਤੋਂ ਮੋਨੇ ਸੀ ਤੇ ਉਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਇਆ ਸੀ। ਹਮਲਾਵਰਾਂ ਨੇ ਕਰੀਬ 10 ਤੋਂ 12 ਗੋਲੀਆਂ ਚਲਾਈਆਂ ਹਨ ਜਿਨ੍ਹਾਂ ’ਚੋਂ 6-7 ਗੋਲੀਆਂ ਵਿੱਕੀ ਨੂੰ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਹਮਲਾਵਰ ਚਾਰ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਵਿੱਕੀ ਮਿੱਡੂਖੇੜਾ, ਬਾਦਲ ਪਰਿਵਾਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਕਾਫ਼ੀ ਨਜ਼ਦੀਕੀ ਸਮਝਿਆ ਜਾਂਦਾ ਸੀ। ਉਹ ਪਾਰਟੀ ਗਤੀਵਿਧੀਆਂ ਤੇ ਵਿਦਿਆਰਥੀ ਚੋਣਾਂ ਵਿੱਚ ਹਮੇਸ਼ਾ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਸੀ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਹਮਲਾਵਰਾਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਵਿਕਰਮਜੀਤ ਸਿੰਘ ਵਿੱਕੀ ਦਾ ਸਸਕਾਰ ਭਲਕੇ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਮਿੱਡੂਖੇੜਾ, ਲੰਬੀ ’ਚ ਕੀਤਾ ਜਾਵੇਗਾ। ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਐੱਚਐੱਸ ਚੀਮਾ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਮਗਰੋਂ ਹੀ ਮੌਤ ਦੇ ਅਸਲ ਕਾਰਨ ਤੇ ਕਿੰਨੀਆਂ ਗੋਲੀਆਂ ਲੱਗੀਆਂ ਬਾਰੇ ਪਤਾ ਲੱਗ ਸਕੇਗਾ।
ਪੁਲੀਸ ’ਤੇ ਲਾਇਆ ਦੇਰੀ ਨਾਲ ਪਹੁੰਚਣ ਦਾ ਦੋਸ਼
ਮਿੱਡੂਖੇੜਾ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪੁਲੀਸ ਘਟਨਾ ਸਥਾਨ ’ਤੇ ਕਾਫੀ ਲੇਟ ਪਹੁੰਚੀ ਹੈ। ਜਸਵਿੰਦਰ ਸਿੰਘ ਵਿਰਕ ਅਤੇ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਤੋਂ ਵਿੱਕੀ ਦੇ ਮਾਤਾ-ਪਿਤਾ ਵੀ ਮੁਹਾਲੀ ਰਹਿੰਦੇ ਆਪਣੇ ਪੁੱਤਾਂ ਕੋਲ ਆਏ ਹੋਏ ਸੀ। ਉਨ੍ਹਾਂ ਦਾ ਪੀਜੀਆਈ ਤੋਂ ਇਲਾਜ ਚਲਦਾ ਹੈ। ਅੱਜ ਵਿੱਕੀ ਨੇ ਆਪਣੀ ਮਾਂ ਨੂੰ ਪੀਜੀਆਈ ਲਿਜਾਣਾ ਸੀ ਪਰ ਇਹ ਭਾਣਾ ਵਰਤ ਗਿਆ। ਵੱਡਾ ਭਰਾ ਅਜੈਪਾਲ ਪਿਤਾ ਨੂੰ ਡਾਕਟਰ ਕੋਲ ਲਿਜਾ ਰਿਹਾ ਸੀ ਪਰ ਘਟਨਾ ਦੀ ਸੂਚਨਾ ਮਿਲਣ ’ਤੇ ਉਹ ਰਸਤੇ ’ਚੋਂ ਮੁੜ ਆਏ।
ਬੰਬੀਹਾ ਗੈਂਗ ਨੇ ਮਿੱਡੂਖੇੜਾ ਨੂੰ ਮਾਰਨ ਦੀ ਲਈ ਜ਼ਿੰਮੇਵਾਰੀ
ਐਸ.ਏ.ਐਸ. ਨਗਰ (ਮੁਹਾਲੀ): ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਨੂੰ ਮਾਰਨ ਦੀ ਜ਼ਿੰਮੇਵਾਰੀ ਗੈਂਗਸਟਰ ਬੰਬੀਹਾ ਗਰੁੱਪ ਨੇ ਲਈ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ ’ਤੇ ਇਕ ਪੋਸਟ ਅਪਲੋਡ ਕਰਕੇ ਕਿਹਾ ਕਿ ਹੈ ਕਿ ਵਿੱਕੀ ਮਿੱਡੂਖੇੜਾ ਦਾ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ। ਉਸ ਨੂੰ ਲੱਕੀ ਨੇ ਬਹੁਤ ਸਮਝਾਇਆ ਸੀ। ਕਤਲ ਦੀ ਵਜ੍ਹਾ ਆਪਸੀ ਰੰਜ਼ਿਸ਼ ਦੱਸਦਿਆਂ ਉਨ੍ਹਾਂ ਲਿਖਿਆ ਹੈ ਕਿ ਵਿੱਕੀ ਉਨ੍ਹਾਂ ਦੇ ਵਿਰੋਧੀ ਗਰੁੱਪ ਲਾਰੈਂਸ ਬਿਸ਼ਨੋਈ ਨੂੰ ਜਾਣਕਾਰੀ ਦਿੰਦਾ ਸੀ ਅਤੇ ਉਸ ਨੇ ਗੁਰਲਾਲ ਭਲਵਾਨ ਅਤੇ ਰਾਣਾ ਸਿੱਧੂ ਨੂੰ ਮਰਵਾਇਆ ਸੀ।ਉਨ੍ਹਾਂ ਵਿੱਕੀ ਮਿੱਡੂਖੇੜਾ ਬਾਰੇ ਲਿਖਿਆ ਹੈ ਕਿ ਉਹ ਲਾਰੈਂਸ ਬਿਸ਼ਨੋਈ ਨੂੰ ਕਲਾਕਾਰਾਂ ਅਤੇ ਵੱਡੇ ਕਾਰੋਬਾਰੀਆਂ ਦੇ ਨੰਬਰ ਦਿੰਦਾ ਸੀ ਜੋ ਅੱਗੇ ਪੈਸੇ ਵਸੂਲਣ ਦਾ ਕੰਮ ਕਰਦੇ ਸਨ ਅਤੇ ਗਰੁੱਪ ਵੱਲੋਂ ਕੀਤੇ ਜਾਂਦੇ ਕਤਲ ਉਨ੍ਹਾਂ (ਬੰਬੀਹਾ ਗਰੁੱਪ) ਦੇ ਨਾਲ ਜੋੜ ਦਿੰਦੇ ਸਨ। ਉਂਜ ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਉਹ ਕਿਸੇ ਬੇਕਸੂਰ ਨੂੰ ਕੁੱਝ ਨਹੀਂ ਕਹਿੰਦੇ ਪਰ ਜੋ ਉਨ੍ਹਾਂ ਖ਼ਿਲਾਫ਼ ਭੁਗਤੇਗਾ, ਉਸ ਦਾ ਵੀ ਇਹੀ ਹਸ਼ਰ ਹੋਵੇਗਾ। ਉਧਰ, ਬੰਬੀਹਾ ਗਰੁੱਪ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਪੁਲੀਸ ਵੀ ਚੁਕੰਨੀ ਹੋ ਗਈ ਹੈ। ਹੁਣ ਪੁਲੀਸ ਗੈਂਗਸਟਰ ਗਤੀਵਿਧੀਆਂ ਦਾ ਪਤਾ ਲਗਾਉਣ ਵਿੱਚ ਜੁੱਟ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਹ ਕਿਸੇ ਗੈਂਗਸਟਰ ਗਰੋਹ ਦਾ ਕੰਮ ਹੈ।