ਇਕਬਾਲ ਸਿੰਘ ਸ਼ਾਂਤ
ਲੰਬੀ, 8 ਅਗਸਤ
ਮੁਹਾਲੀ ਵਿੱਚ ਬੀਤੇ ਦਿਨ ਕਤਲ ਕੀਤੇ ਗਏ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਕੁਲਾਰ ਉਰਫ਼ ‘ਵਿੱਕੀ ਮਿੱਡੂਖੇੜਾ’ ਦਾ ਅੱਜ ਪਿੰਡ ਮਿੱਡੂਖੇੜਾ ਵਿੱਚ ਸਸਕਾਰ ਕੀਤਾ ਗਿਆ। ਉਸ ਦੇ ਵੱਡੇ ਭਰਾ ਅਜੈਪਾਲ ਕੁਲਾਰ ਨੇ ਉਸ ਦੀ ਚਿਖਾ ਨੂੰ ਅਗਨੀ ਦਿਖਾਈ। ਪਿਤਾ ਗੁਰਦਿਆਲ ਸਿੰਘ, ਮਾਂ ਸੁਰਿੰਦਰ ਕੌਰ ਅਤੇ ਪਤਨੀ ਹਰਕੀਰਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਮੌਕੇ ਇਲਾਕੇ ਵਿੱਚ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ। ਇਸ ਦੌਰਾਨ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੰਟੀ ਰੋਮਾਣਾ, ਵਿਧਾਇਕ ਰੋਜ਼ੀ ਬਰਕੰਦੀ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਮਹਿੰਦਰ ਕੁਮਾਰ ਰਿਣਵਾ, ਨੋਨੀ ਮਾਨ, ਤੇਜਿੰਦਰ ਸਿੰਘ ਮਿੱਡੂਖੇੜਾ, ਪਰਮਿੰਦਰ ਸਿੰਘ ਕੋਲਿਆਂਵਾਲੀ, ਡਿੰਪੀ ਢਿੱਲੋਂ, ਕਾਂਗਰਸੀ ਆਗੂ ਦਮਨ ਬਾਜਵਾ, ਸੋਈ ਦੇ ਕੌਮੀ ਪ੍ਰਧਾਨ ਰੋਬਿਨ ਬਰਾੜ ਸਮੇਤ ਵੱਡੀ ਗਿਣਤੀ ਨੌਜਵਾਨਾਂ, ਅਕਾਲੀ ਆਗੂਆਂ, ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਨੇ ਉਸ ਨੂੰ ਅੰਤਮ ਵਿਦਾਇਗੀ ਦਿੱਤੀ। ਵਿੱਕੀ ਦੇ ਭਰਾ ਅਜੈਪਾਲ ਕੁਲਾਰ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਉਸ ਅਨੁਸਾਰ ਵਿੱਕੀ ਹਮੇਸ਼ਾ ਆਪਣੇ ਕੋਲ ਪਿਸਤੌਲ ਰੱਖਦਾ ਸੀ। ਘਟਨਾ ਸਮੇਂ ਉਸ ਦਾ ਪਿਸਤੌਲ ਗੱਡੀ ’ਚ ਰਹਿ ਗਿਆ। ਜੇ ਮੌਕੇ ’ਤੇ ਉਸ ਕੋਲ ਪਿਸਤੌਲ ਹੁੰਦਾ ਤਾਂ ਉਹ ਮੁਕਾਬਲਾ ਕਰ ਕੇ ਬਚ ਸਕਦਾ ਸੀ।
ਜ਼ਿਕਰਯੋਗ ਹੈ ਕਿ ਵਿੱਕੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪਹਿਲਾਂ ‘ਸੋਪੂ’ ਅਤੇ 2015 ਤੋਂ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ‘ਸੋਈ’ ਦੇ ਪ੍ਰਧਾਨ ਰਹਿੰਦੇ ਵਿਦਿਆਰਥੀ ਸ਼ਕਤੀ ’ਤੇ ਪਕੜ ਬਣਾਈ। ਉਸ ਦੇ ਪਿਤਾ ਗੁਰਦਿਆਲ ਸਿੰਘ ਮਿੱਡੂਖੇੜਾ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੁਰਾਣੀ ਮਿੱਤਰਤਾ ਹੈ। ਵਿੱਕੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂਆਂ ’ਚ ਸ਼ੁਮਾਰ ਸੀ।
ਜੇਲ੍ਹਾਂ ’ਚ ਬੈਠੇ ਗੈਂਗਸਟਰ ਚਲਾ ਰਹੇ ਨੇ ਸੂਬਾ: ਬੰਟੀ ਰੋਮਾਣਾ
ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੰਟੀ ਰੋਮਾਣਾ ਨੇ ਕਿਹਾ ਕਿ ਸੂਬੇ ਨੂੰ ਸਰਕਾਰ ਦੀ ਜਗ੍ਹਾ ਜੇਲ੍ਹਾਂ ’ਚ ਬੈਠੇ ਗੈਂਗਸਟਰ ਚਲਾ ਰਹੇ ਹਨ। ਸੂਬਾ ਸਰਕਾਰ ਖੁਦ ਮੰਨ ਰਹੀ ਹੈ ਕਿ ਜੇਲ੍ਹਾਂ ’ਚ ਬੈਠੇ ਗੈਂਗਸਟਰ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ। ਅੰਮ੍ਰਿਤਸਰ, ਫਰੀਦਕੋਟ ਅਤੇ ਹੁਣ ਮੁਹਾਲੀ ’ਚ ਯੂਥ ਆਗੂ ਵਿੱਕੀ ਦੇ ਹੋਏ ਕਤਲ ਨੇ ਸਾਬਤ ਕਰ ਦਿੱਤਾ ਹੈ ਕਿ ਸੂਬਾ ਬਦਅਮਨੀ ਦਾ ਸ਼ਿਕਾਰ ਹੈ। ਵਿਧਾਇਕ ਰੋਜ਼ੀ ਬਰਕੰਦੀ ਨੇ ਕਿਹਾ ਕਿ ਇਹ ਮੁੱੱਦਾ ਆਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਜਾਵੇਗਾ।