ਸ਼ਗਨ ਕਟਾਰੀਆ
ਬਠਿੰਡਾ, 6 ਦਸੰਬਰ
ਇੱਥੋਂ ਦੇ ਬੇਅੰਤ ਨਗਰ ਦੇ ਨੌਜਵਾਨ ਰਾਮੇਸ਼ ਰੈਂਬੋ ਵੱਲੋਂ ਥਾਣਾ ਸਿਵਲ ਲਾਈਨ ਦੇ ਐੱਸਐੱਚਓ ’ਤੇ ਪੈਸੇ ਲੈ ਕੇ ਨਸ਼ਾ ਵਿਕਵਾਉਣ ਦੇ ਲਾਏ ਗੰਭੀਰ ਦੋਸ਼ਾਂ ਦਾ ਮਾਮਲਾ ਸਿਆਸੀ ਗਲਿਆਰਿਆਂ ’ਚ ਭਖਣ ਲੱਗਾ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਹਾਕਮ ਧਿਰ ’ਤੇ ਪੁਲੀਸ ਨੂੰ ਸਿਆਸੀ ਸ਼ਹਿ ਦੇਣ ਦਾ ਦੋਸ਼ ਲਾਉਂਦਿਆਂ ਪੜਤਾਲ ਦੀ ਮੰਗ ਕੀਤੀ ਹੈ।
ਅਕਾਲੀ ਆਗੂ ਸਰੂਪ ਚੰਦ ਸਿੰਗਲਾ ਦੇ ਘਰ ਉਨ੍ਹਾਂ ਦੀ ਹਾਜ਼ਰੀ ’ਚ ਦੋਸ਼ ਲਾਉਣ ਵਾਲੇ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਹਾ ਕਿ ਉਹ ਪਹਿਲਾਂ ਗਾਂਜਾ ਵੇਚਦਾ ਸੀ। ਕੁਝ ਸਮਾਂ ਪਹਿਲਾਂ ਇੰਸਪੈਕਟਰ ਰਵਿੰਦਰ ਸਿੰਘ ਨੇ ਕਥਿਤ ਤੌਰ ’ਤੇ ਉਸ ਨੂੰ ‘ਪੁਲੀਸ ਉਸ ਦੇ ਨਾਲ ਹੈ’ ਕਹਿ ਕੇ ਗਾਂਜੇ ਦੀ ਤਸਕਰੀ ਕਰਨ ਲਈ ਜ਼ੋਰ ਪਾਇਆ। ਉਸ ਦੇ ਦੱਸਣ ਅਨੁਸਾਰ ਅਧਿਕਾਰੀ ਦੇ ਕਹਿਣ ’ਤੇ ਉਸ ਨੇ ਇਕ ਕੁਇੰਟਲ 2 ਕਿਲੋ ਗਾਂਜੇ ਲਈ 3 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਘਰ ਪਏ 2 ਲੱਖ ਰੁਪਏ ਸਮੇਤ 5 ਲੱਖ ਰੁਪਏ ਇਕੱਠੇ ਕਰ ਕੇ ਐੱਸਐੱਚਓ ਨੂੰ ਦੱਸੇ ਪਤੇ ’ਤੇ ਪਹੁੰਚਾ ਦਿੱਤੇ। ਉਸ ਮੁਤਾਬਕ ਵੋਟਾਂ ਵੇਲੇ ਤਿੰਨ-ਤਿੰਨ ਲੱਖ ਰੁਪਏ ਦੋ ਕੌਂਸਲਰਾਂ ਨੂੰ ਦਿਵਾਏ ਗਏ ਅੇ ਪੰਜ ਲੱਖ ਰੁਪਏ ਹੋਰ ਮੰਗੇ ਗਏ, ਜੋ ਉਹ ਐੱਸਐੱਚਓ ਨੂੰ ਦੇ ਆਇਆ ਸੀ। ਰੈਂਬੋ ਅਨੁਸਾਰ ਪੁਲੀਸ ਅਧਿਕਾਰੀ ਨੇ ਕਿਹਾ ਸੀ ਕਿ ਪੈਸੇ ਲੈਣ ਤੋਂ ਬਾਅਦ ਹੀ ਗਾਂਜਾ ਦਿੱਤਾ ਜਾਵੇਗਾ। ਪੰਜ ਲੱਖ ਰੁਪਏ ਲੈਣ ਮਗਰੋਂ ਵੀ ਉਸ ਨੂੰ ਗਾਂਜਾ ਦੇਣ ਦੀ ਜਗ੍ਹਾ ਥਾਣੇ ’ਚੋਂ ਭਜਾ ਦਿੱਤਾ ਗਿਆ ਅਤੇ ਪਰਿਵਾਰ ’ਤੇ ਚਿੱਟੇ ਦੀ ਤਸਕਰੀ ਕਰਨ ਦਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਗਈ। ਬਾਅਦ ’ਚ ਪੁਲੀਸ ਉਸ ਦੇ ਘਰ ਛਾਪਾ ਮਾਰ ਕੇ ਗਹਿਣੇ, ਨਕਦੀ ਤੇ ਬੈਂਕ ਦੇ ਦਸਤਾਵੇਜ਼ ਆਪਣੇ ਨਾਲ ਲੈ ਗਈ। ‘ਆਪ’ ਦੇ ਬਠਿੰਡਾ (ਸ਼ਹਿਰੀ) ਤੋਂ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਐੱਸਟੀਐਫ ਦੇ ਮੁਖੀ ਤੋਂ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵੀ ਕਿਹਾ ਕਿ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।
ਐੱਸਐੱਚਓ ਨੇ ਦੋਸ਼ ਨਕਾਰੇ
ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਰਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋਸ਼ ਲਾਉਣ ਵਾਲਾ ਵਿਅਕਤੀ ਨਸ਼ਾ ਤਸਕਰ ਹੈ ਅਤੇ ਉਸ ’ਤੇ ਐੱਨਡੀਪੀਐੱਸ ਤੇ ਐਕਸਾਈਜ਼ ਐਕਟ ਤਹਿਤ ਅੱਠ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲੀਸ ਜਦੋਂ ਅਜਿਹੇ ਅਨਸਰਾਂ ਨੂੰ ਰੋਕਣ ਲਈ ਸਖ਼ਤੀ ਕਰਦੀ ਹੈ ਤਾਂ ਉਹ ਬੇਬੁਨਿਆਦ ਦੋਸ਼ਾਂ ਨੂੰ ਢਾਲ ਬਣਾ ਕੇ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਬਠਿੰਡਾ ਦੇ ਐੱਸਐੱਸਪੀ ਅਜੈ ਮਲੂਜਾ ਨੇ ਕਿਹਾ ਕਿ ਦੋਸ਼ਾਂ ਦੀ ਪੜਤਾਲ ਕਰ ਕੇ ਕਸੂਰਵਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।