ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਅਗਸਤ
ਪਿੰਡਾਂ ਵਿੱਚ ਆਉਣ ਵਾਲੇ ਸਿਆਸੀ ਆਗੂਆਂ ਨੂੰ ਹੁਣ ਨੌਜਵਾਨ ਤਿੱਖੇ ਸੁਆਲ ਕਰਨਗੇ। ਇਹ ਫ਼ੈਸਲਾ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਇੱਥੇ ਸੂਬਾ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਦੌਰਾਨ ਪਿੰਡਾਂ ਵਿੱਚ ‘ਜਦੋਂ ਤੱਕ ਦਿੱਲੀ ਮੋਰਚਾ, ਉਦੋਂ ਤੱਕ ਚੋਣਾਂ ਨਹੀਂ’ ਦਾ ਨਾਅਰਾ ਵੀ ਬੁਲੰਦ ਕਰਨ ਦਾ ਐਲਾਨ ਕੀਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾਈ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਪਿੰਡਾਂ ਵਿੱਚ ਆਉਣ ’ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਤਿੱਖੇ ਸੁਆਲ ਪੁੱਛੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਤੋਂ ਸਮੁੱਚੀ ਕਿਸਾਨੀ ਦਾ ਕਰਜ਼ਾ ਮੁਆਫ਼ ਕਰਨ, ਘਰ-ਘਰ ਨੌਕਰੀ ਦੇਣ, ਨਸ਼ਾ ਖਤਮ ਕਰਨ ਦੇ ਵਾਅਦੇ ਪੂਰੇ ਨਾ ਹੋਣ ਦੇ ਸੁਆਲ ਪੁੱਛੇ ਜਾਣ। ਇਸੇ ਤਰ੍ਹਾਂ ਅਕਾਲੀ ਆਗੂਆਂ ਤੋਂ ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੀ ਪਹਿਲਾਂ ਹਮਾਇਤ ਕਰਨ, ਸੁਪਰੀਮ ਕੋਰਟ ਵਿੱਚ ਮੋਦੀ ਹਕੂਮਤ ਵੱਲੋਂ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਫ਼ਸਲਾਂ ਦੇ ਭਾਅ ਦੇਣ ਤੋਂ ਇਨਕਾਰ ਕਰਨ ’ਤੇ ਧਾਰੀ ਚੁੱਪ ਅਤੇ ਪੰਜਾਬ ਵਿੱਚ ਚਿੱਟੇ ਸਮੇਤ ਵਧੇ ਹੋਰ ਨਸ਼ਿਆਂ ਬਾਰੇ ਸੁਆਲ ਪੁੱਛੇ ਜਾਣ। ਆਮ ਆਦਮੀ ਪਾਰਟੀ ਕੋਲੋਂ ਸਭ ਤੋਂ ਪਹਿਲਾਂ ਖੇਤੀ ਕਾਨੂੰਨ ਲਾਗੂ ਕਰਨ ਲਈ ਦਿੱਲੀ ਵਿੱਚ ਜਾਰੀ ਕੀਤੇ ਨੋਟੀਫਿਕੇਸ਼ਨ, ਏਪੀਐੱਮਸੀ ਮੰਡੀਆਂ ਖਤਮ ਕਰਨ ਬਾਰੇ ਮੈਨੀਫੈਸਟੋ ’ਚ ਦਰਜ ਕਰਨ ਸਬੰਧੀ ਸੁਆਲ ਪੁੱਛੇ ਜਾਣ। ਇਸ ਤਰ੍ਹਾਂ ਸਾਰੀਆਂ ਪਾਰਟੀਆਂ ਤੋਂ ਨਿੱਜੀਕਰਨ ਨੀਤੀ ਰੱਦ ਕਰਨ, ਪੂੰਜੀਪਤੀਆਂ ਦਾ ਕਾਰੋਬਾਰ ਖੋਹਣ ਤੇ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ’ਚ ਕੱਢਣ ਬਾਰੇ ਵੀ ਸੁਆਲ ਕੀਤੇ ਜਾਣ। ਯੂਥ ਵਿੰਗ ਦੇ ਸੂਬਾ ਆਗੂ ਤਰਪ੍ਰੀਤ ਉੱਪਲ, ਜਸਦੀਪ ਸਿੰਘ, ਸੁਖਦੇਵ ਸਿੰਘ, ਬਲਕਰਨ ਵੈਰੋਕੇ ਤੇ ਗੁਰਜੋਤ ਡੋਡ ਨੇ ਦੱਸਿਆ ਕਿ ਹੁਣ ਨੌਜਵਾਨ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ’ਚ ਆਉਣ ਵਾਲੇ ਸਿਆਸੀ ਲੀਡਰਾਂ ਨੂੰ ਸੁਆਲ ਕਰਨ ਬਾਰੇ ਵਿਉਂਤਬੰਦੀ ਕਰ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਲੋਕਾਂ ਦੇ ਵਿਸ਼ਾਲ ਸੰਘਰਸ਼ ਨਾਲ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।