ਪੱਤਰ ਪ੍ਰੇਰਕ
ਭਗਤਾ ਭਾਈ, 13 ਦਸੰਬਰ
ਥਾਣਾ ਭਗਤਾ ਭਾਈ ਅਧੀਨ ਆਉਂਦੇ ਪਿੰਡ ਜਲਾਲ ਵਿੱਚ ਇੱਕ ਧਾਰਮਿਕ ਸਥਾਨ ’ਤੇ ਲਗਾਏ ਲੰਗਰ ਦੌਰਾਨ ਸ਼ਰਧਾਲੂਆਂ ਕੋਲੋਂ ਪੈਸੈ ਇਕੱਠੇ ਕਰਨ ਤੋਂ ਰੋਕਣ ਤੋਂ ਹੋਈ ਤਕਰਾਰ ਦੌਰਾਨ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਜਲਾਲ ਵਿੱਚ ਸਥਿਤ ਸੰਤ ਮਾਧੋ ਦਾਸ ਦੇ ਡੇਰੇ ’ਚ ਲੰਗਰ ਦੌਰਾਨ ਲਛਮਣ ਸਿੰਘ ਨਾਂ ਦਾ ਨੌਜਵਾਨ ਸ਼ਰਧਾਲੂਆਂ ਕੋਲੋਂ ਪੈਸੇ ਇਕੱਠੇ ਕਰ ਰਿਹਾ ਸੀ। ਲੰਗਰ ਲਗਾਉਣ ਵਾਲੇ ਪਰਿਵਾਰ ਦੇ ਮੈਂਬਰ ਅਮਨਦੀਪ ਸਿੰਘ (27) ਵੱਲੋਂ ਅਜਿਹਾ ਕਰਨ ਤੋਂ ਰੋਕਣ ’ਤੇ ਗੁੱਸੇ ਵਿੱਚ ਆਏ ਲਛਮਣ ਸਿੰਘ ਨੇ ਅਮਨਦੀਪ ਦੇ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਥਾਣਾ ਭਗਤਾ ਭਾਈ ਦੀ ਪੁਲੀਸ ਨੇ ਲਛਮਣ ਸਿੰਘ ਵਾਸੀ ਜਲਾਲ ਖ਼ਿਲਾਫ਼ ਧਾਰਾ 302 ਅਧੀਨ ਕੇਸ ਦਰਜ ਕਰ ਲਿਆ ਹੈ।