ਸੰਜੀਵ ਹਾਂਡਾ
ਫ਼ਿਰੋਜ਼ਪੁਰ, 5 ਜਨਵਰੀ
ਸ਼ਹਿਰ ਦੇ ਜੰਡੀ ਮੁਹੱਲੇ ਵਿੱਚ ਬੀਤੀ ਰਾਤ ਕੁੱਝ ਅਣਪਛਾਤਿਆਂ ਨੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਵਾਰਦਾਤ ਮਗਰੋਂ ਮੁਲਜ਼ਮ ਫ਼ਰਾਰ ਹੋ ਗਏ। ਮ੍ਰਿਤਕ ਦੀ ਪਛਾਣ ਚੇਤਨ ਡੂਮਰਾ (32) ਵਾਸੀ ਜੰਡੀ ਮੁਹੱਲਾ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ। ਚੇਤਨ ਸ਼ਾਦੀਸ਼ੁਦਾ ਸੀ ਤੇ ਉਸ ਦੇ ਦੋ ਛੋਟੇ ਬੱਚੇ ਵੀ ਹਨ। ਉਹ ਕਈ ਸਾਲਾਂ ਤੋਂ ਕੇਲਿਆਂ ਦਾ ਵਪਾਰ ਕਰਦਾ ਸੀ। ਕਤਲ ਦਾ ਕਾਰਨ ਸਾਹਮਣੇ ਨਹੀਂ ਆਇਆ। ਰਾਤ ਸਾਢੇ ਨੌਂ ਵਜੇ ਦੇ ਕਰੀਬ ਚੇਤਨ ਆਪਣੀ ਸਾਲੀ ਨੂੰ ਕਾਰ ਵਿਚ ਛਾਉਣੀ ਛੱਡ ਕੇ ਵਾਪਸ ਆ ਰਿਹਾ ਸੀ। ਉਸ ਵਕਤ ਚੇਤਨ ਦੀ ਪਤਨੀ ਤੇ ਦੋਵੇਂ ਬੱਚੇ ਵੀ ਕਾਰ ਵਿਚ ਮੌਜੂਦ ਸਨ। ਚੇਤਨ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਾਰ ਗੈਰਾਜ ਵਿਚ ਖੜ੍ਹੀ ਕਰਨ ਲੱਗੇ ਤਾਂ ਇਸ ਦੌਰਾਨ ਗੱਡੀ ਉਨ੍ਹਾਂ ਦੇ ਬਰਾਬਰ ਆ ਕੇ ਰੁਕੀ, ਜਿਸ ਵਿਚ ਬੈਠੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਚੇਤਨ ਗੋਲੀਆਂ ਵੱਜਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਥੋਂ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।