ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 2 ਮਾਰਚ
ਇੱਥੇ ਸ਼ਹਿਰ ਵਿੱਚ ਅੱਜ ਇੱਕ ਨੌਜਵਾਨ ਨੇ ਨਵ-ਵਿਆਹੁਤਾ ਲੜਕੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਕਤ ਨੌਜਵਾਨ ਨੇ ਖ਼ੁਦ ਨੂੰ ਵੀ ਗੰਭਰ ਜ਼ਖ਼ਮੀ ਕਰ ਲਿਆ, ਜਿਸ ਮਗਰੋਂ ਲੜਕੇ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਮਾਪਿਆਂ ਨੇ ਕੁੱਝ ਦਿਨ ਪਹਿਲਾਂ ਲੜਕੀ ਦਾ ਵਿਆਹ ਕਿਸੇ ਹੋਰ ਜਗ੍ਹਾ ਕਰ ਦਿੱਤਾ, ਜਿਸ ਤੋਂ ਉਹ ਖਫ਼ਾ ਸੀ। ਤਲਵੰਡੀ ਸਾਬੋ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਮਨਪ੍ਰੀਤ ਕੌਰ ਪੁੱਤਰੀ ਗੁਰਮੇਲ ਸਿੰਘ ਦਾ ਕੁਝ ਦਿਨ ਪਹਿਲਾਂ ਹਰਿਆਣਾ ਵਿੱਚ ਵਿਆਹ ਹੋਇਆ ਸੀ। ਵਿਆਹ ਮਗਰੋਂ ਲੜਕੀ ਅੱਜ ਆਪਣੇ ਪੇਕੇ ਪਿੰਡ ਤਲਵੰਡੀ ਸਾਬੋ ਆਈ ਸੀ ਤਾਂ ਉਸ ਦੀ ਪਹਿਲਾਂ ਤੋਂ ਹੀ ਜਾਣ-ਪਛਾਣ ਵਾਲੇ ਨੌਜਵਾਨ ਚਰਨਜੀਤ ਸਿੰਘ ਚਰਨੀ ਨੇ ਬਾਅਦ ਦੁਪਹਿਰ ਉਸ ’ਤੇ ਭਾਈ ਡੱਲ ਸਿੰਘ ਪਾਰਕ ਨੇੜੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਮਗਰੋਂ ਹਮਲਾਵਰ ਨੌਜਵਾਨ ਚਰਨਜੀਤ ਸਿੰਘ ਚਰਨੀ ਨੇ ਖੁਦ ਨੂੰ ਵੀ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਲਿਆ। ਲੋਕਾਂ ਨੇ ਤੁਰੰਤ ਘਟਨਾ ਦੀ ਜਾਣਕਾਰੀ ਥਾਣਾ ਤਲਵੰਡੀ ਸਾਬੋ ਨੂੰ ਦਿੱਤੀ।
ਥਾਣਾ ਮੁਖੀ ਤਲਵੰਡੀ ਸਾਬੋ ਰਵਿੰਦਰ ਸਿੰਘ ਅਤੇ ਡੀਐੱਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਐਂਬੂਲੈਂਸ ਰਾਹੀਂ ਦੋਵਾਂ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦ ਕਿ ਲੜਕੇ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਹਾਲਤ ਗੰਭੀਰ ਹੋਣ ਕਾਰਨ ਫਰੀਦਕੋਟ ਰੈਫਰ ਕਰ ਦਿੱਤਾ।
ਲੜਕੀ ਮਨਪ੍ਰੀਤ ਕੌਰ ਦੀ ਮਾਂ ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦਾ ਬੀਤੇ ਐਤਵਾਰ ਹੀ ਵਿਆਹ ਹੋਇਆ ਸੀ ਅਤੇ ਅੱਜ ਉਹ ਦੋਵੇਂ ਬਾਜ਼ਾਰ ਵਿੱਚ ਸਾਮਾਨ ਲੈਣ ਗਈਆਂ ਸਨ। ਇਸ ਦੌਰਾਨ ਚਰਨਜੀਤ ਸਿੰਘ ਚਰਨੀ ਨੇ ਲੜਕੀ ਨੂੰ ਦੇਖ ਲਿਆ ਅਤੇ ਉਸ ਦੇ ਰੋਕਣ ਦੇ ਬਾਵਜੂਦ ਮਨਪ੍ਰੀਤ ਦੇ ਢਿੱਡ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ। ਲੜਕੀ ਦੀ ਮਾਂ ਅਨੁਸਾਰ ਨੌਜਵਾਨ ਨੇ ਉਸ ਨੂੰ ਵੀ ਮਾਰਨ ਦੀ ਕੋਸ਼ਿਸ ਕੀਤੀ। ਉਸ ਨੇ ਦੱਸਿਆ ਕਿ ਇਹ ਨੌਜਵਾਨ ਵਿਆਹ ਤੋਂ ਪਹਿਲਾਂ ਵੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ।
ਰੰਜਿਸ਼ ਤਹਿਤ ਕੀਤਾ ਹਮਲਾ: ਡੀਐੱਸਪੀ
ਡੀਐੱਸਪੀ ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਲੜਕਾ-ਲੜਕੀ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਕਿਸੇ ਰੰਜਿਸ਼ ਕਾਰਨ ਲੜਕੇ ਨੇ ਲੜਕੀ ਨੂੰ ਮਾਰ ਕੇ ਖ਼ੁਦ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।