ਪੱਤਰ ਪ੍ਰੇਰਕ
ਜ਼ੀਰਾ, 25 ਜਨਵਰੀ
ਜ਼ੀਰਾ ਦੇ ਪਿੰਡ ਬੰਡਾਲਾ ਦੇ 22 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਵਿੰਦਰ ਸਿੰਘ (22) ਘਰੋਂ ਕਿਸੇ ਕੰਮ ਲਈ ਆਪਣੀ ਗੱਡੀ ’ਤੇ ਜ਼ੀਰਾ ਗਿਆ ਸੀ, ਜਿੱਥੇ ਉਸ ਨੇ ਨਸ਼ੇ ਦਾ ਟੀਕਾ ਲਗਾ ਲਿਆ ਤੇ ਉਸ ਦੀ ਮੌਤ ਹੋ ਗਈ। ਗੁਰਵਿੰਦਰ ਸਿੰਘ ਦੀ ਲਾਸ਼ ਦਾਣਾ ਮੰਡੀ ਜ਼ੀਰਾ ਕੋਲ ਉਸ ਦੀ ਗੱਡੀ ਵਿੱਚੋਂ ਮਿਲੀ। ਉਸ ਦੀ ਬਾਂਹ ’ਤੇ ਸਰਿੰਜ ਅਤੇ ਸੂਈ ਲੱਗੀ ਮਿਲੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਤਿੰਨ ਸਾਲ ਤੋਂ ਨਸ਼ਾ ਕਰ ਰਿਹਾ ਸੀ। ਉਸ ਦਾ ਕਈ ਵਾਰ ਇਲਾਜ ਵੀ ਕਰਵਾਇਆ, ਪਰ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਮ੍ਰਿਤਕ ਦੀਆਂ ਤਿੰਨ ਧੀਆਂ ਹਨ। ਪਰਿਵਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।