ਪੱਤਰ ਪ੍ਰੇਰਕ
ਮਮਦੋਟ, 23 ਅਗਸਤ
ਇੱਥੋਂ ਨੇੜਲੇ ਪਿੰਡ ਕੜਮਾਂ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਕੜਮਾਂ ਦੇ ਨੌਜਵਾਨ ਮੋਨੂ ਕਪਾਹੀ ਦੀ ਅੱਜ ਬਰਾਤ ਚੜ੍ਹਨੀ ਸੀ ਅਤੇ ਬੀਤੇ ਦਿਨ ਉਸ ਨੂੰ ਸ਼ਗਨ ਲੱਗਾ ਸੀ ਪਰ ਬਰਾਤ ਚੜ੍ਹਨ ਤੋਂ ਪਹਿਲਾਂ ਹੀ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਵਿਆਹ ਦਾ ਕੰਮ ਕਾਜ ਨਿਪਟਾ ਕੇ ਜਦੋਂ ਉਹ ਸੌਣ ਲੱਗਾ ਤਾਂ ਗਰਮੀ ਹੋਣ ਕਰਕੇ ਪੱਖੇ ਦੀ ਹਵਾ ਨੂੰ ਆਪਣੇ ਵੱਲ ਕਰਨ ਲਈ ਉੱਠਿਆ ਤਾਂ ਉਸ ਦਾ ਪੈਰ ਤਾਰਾਂ ਦੇ ਜੋੜ ’ਤੇ ਆ ਗਿਆ ਜਿਸ ਕਾਰਨ ਕਰੰਟ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਹੈ।