ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ
ਇਥੇ ਆਦਰਸ਼ ਨਗਰ ਕੋਟਲੀ ਰੋਡ ਨਿਵਾਸੀ ਇਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਬੂੜਾ ਗੁੱਜਰ ਰੋਡ ’ਤੇ ਸਥਿਤ ਇਕ ਖਾਲੀ ਪਲਾਟ ਵਿੱਚੋਂ ਮਿਲੀ ਹੈ। ਦੱਸਣਯੋਗ ਹੈ ਕਿ ਮੁਕਤਸਰ ਜ਼ਿਲ੍ਹੇ ’ਚ ਇਕ ਹਫ਼ਤੇ ਅੰਦਰ-ਅੰਦਰ ਚਿੱਟੇ ਦੀ ਓਵਰਡੋਜ਼ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਨੌਜਵਾਨ ਦੇ ਪਿਤਾ ਕੱਕੂ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਮੁਨੀਸ਼ ਸਿੰਘ (25) ਕਬਾੜ ਚੁੱਕਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ 28 ਜੂਨ ਨੂੰ ਮੁਲਜ਼ਮ ਮੁਨੀਸ਼ ਨੂੰ ਘਰੋਂ ਲੈ ਗਏ ਸਨ ਅਤੇ ਉਨ੍ਹਾਂ ਬੂੜਾ ਗੁੱਜਰ ਰੋਡ ’ਤੇ ਖਾਲੀ ਪਲਾਟਾਂ ਵਿੱਚ ਲਿਜਾ ਕੇ ਉਸ ਦੇ ਨਸ਼ੇ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਮੁਨੀਸ਼ ਸਿੰਘ ਦੀ ਮੌਤ ਹੋ ਗਈ। ਥਾਣਾ ਸਿਟੀ ਮੁਕਤਸਰ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕੱਕੂ ਸਿੰਘ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।