ਐੱਨਪੀ ਧਵਨ
ਪਠਾਨਕੋਟ, 16 ਜੂਨ
ਪਠਾਨਕੋਟ ਜ਼ਿਲ੍ਹੇ ਦੇ ਨੰਗਲਭੂਰ ਥਾਣੇ ਵਿੱਚ ਪਟਿਆਲਾ ਦੇ ਪਿੰਡ ਸਨੌਰ ਦੇ ਵਾਸੀ ਇੱਕ 24 ਸਾਲਾ ਨੌਜਵਾਨ ਹਰਮਨਦੀਪ ਸਿੰਘ ਨੇ ਅੱਜ ਸਵੇਰੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮਲਦੀਪ ਸਿੰਘ ਧਾਲੀਵਾਲ ਨੇ ਪੁਲੀਸ ਸਟੇਸ਼ਨ ਪੁੱਜ ਕੇ ਥਾਣਾ ਮੁਖੀ ਅਤੇ ਹੋਰ ਮੁਲਾਜ਼ਮਾਂ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਜਾਂਚ ਆਰੰਭ ਦਿੱਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮ ਹਰਮਨਦੀਪ ਸਿੰਘ ਖ਼ਿਲਾਫ਼ ਘੰਡਰਾਂ ਪਿੰਡ ਦੀ ਇੱਕ ਨਾਬਾਲਿਗ ਲੜਕੀ ਨੂੰ ਵਰਗਲਾਉਣ ਦੇ ਦੋਸ਼ ਹੇਠ 28 ਦਸੰਬਰ, 2020 ਨੂੰ ਆਈਪੀਸੀ ਦੀ ਧਾਰਾ 363, 366 ਤਹਿਤ ਕੇਸ ਦਰਜ ਹੋਇਆ ਸੀ। ਇਹ ਮਾਮਲਾ ਲੜਕੀ ਦੇ ਮਾਪਿਆਂ ਦੀ ਸ਼ਿਕਾਇਤ ਮਗਰੋਂ ਦਰਜ ਹੋਇਆ ਸੀ। ਮੁਲਜ਼ਮ ਨੂੰ ਸਬੰਧਤ ਥਾਣਾ ਨੰਗਲਭੂਰ ਦੀ ਪੁਲੀਸ ਨੇ ਹੁਣ ਗ੍ਰਿਫ਼ਤਾਰ ਕੀਤਾ ਅਤੇ 14 ਜੂਨ ਨੂੰ ਅਦਾਲਤ ਅੰਦਰ ਪੇਸ਼ ਕੀਤਾ, ਜਿੱਥੋਂ ਜੁਡੀਸ਼ਲ ਮੈਜਿਸਟਰੇਟ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਉਸ ਦਾ ਕੋਵਿਡ-19 ਟੈਸਟ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ। ਮੁਲਜ਼ਮ ਨੂੰ ਟਰਾਂਜ਼ਿਟ ਰਿਮਾਂਡ ਤਹਿਤ ਨੰਗਲਭੂਰ ਥਾਣੇ ਵਿੱਚ ਕਰੋਨਾ ਟੈਸਟ ਦੀ ਰਿਪੋਰਟ ਮਿਲਣ ਤੱਕ ਰੱਖਿਆ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜੁਡੀਸ਼ਲ ਜਾਂਚ ਕਰਵਾਈ ਜਾ ਰਹੀ ਹੈ। ਥਾਣਾ ਮੁਖੀ ਦੀਪਕ ਮਿਨਹਾਸ ਨੇ ਦੱਸਿਆ ਕਿ ਭਲਕੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਦੂਸਰੇ ਪਾਸੇ ਅੱਜ ਸਵੇਰੇ ਵਕੀਲ ਨਾਲ ਆਪਣੇ ਪੁੱਤ ਹਰਮਨਦੀਪ ਸਿੰਘ ਦੀ ਜ਼ਮਾਨਤ ਕਰਵਾਉਣ ਲਈ ਨੰਗਲਭੂਰ ਥਾਣੇ ਪੁੱਜੀ ਮਾਂ ਸੁਰਿੰਦਰ ਕੌਰ ਨੂੰ ਉਸ ਦੇ ਪੁੱਤ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ।