ਹਰਪ੍ਰੀਤ ਕੌਰ
ਹੁਸ਼ਿਆਰਪੁਰ, 19 ਨਵੰਬਰ
ਬੀਤੀ ਰਾਤ ਪਿੰਡ ਸਤੌਰ ਦੇ 23 ਸਾਲਾ ਨੌਜਵਾਨ ਨੇ ਮੰਗੇਤਰ ਅਤੇ ਉਸ ਦੇ ਪਰਿਵਾਰ ਦੇ ਧੋਖੇ ਤੋਂ ਦੁਖੀ ਹੋ ਕੇ ਫ਼ਾਹਾ ਲੈ ਲਿਆ। ਨੌਜਵਾਨ ਦੀ ਲਾਸ਼ ਅੱਧੀ ਰਾਤ ਨੂੰ ਬਰਾਮਦ ਹੋਈ। ਉਸ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਲੜਕੀ, ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਅਤੇ ਵਿਚੋਲੇ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਅਧੀਨ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਸੁਖਰਾਜ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਮੰਗਣੀ ਬਹਾਦੁਰਪੁਰ, ਹੁਸ਼ਿਆਰਪੁਰ ਵਾਸੀ ਲੜਕੀ ਨਾਲ ਮਈ 2019 ’ਚ ਹੋਈ ਸੀ। ਗੁਰਮੇਲ ਸਿੰਘ ਅਨੁਸਾਰ ਉਨ੍ਹਾਂ ਲਗਪਗ 12 ਲੱਖ ਰੁਪਏ ਲੜਕੀ ’ਤੇ ਖ਼ਰਚੇ ਪਰ ਕੈਨੇਡਾ ਪਹੁੰਚ ਕੇ ਉਸ ਦਾ ਮਨ ਬਦਲ ਗਿਆ। ਪਹਿਲਾਂ ਉਹ ਕਾਫ਼ੀ ਸਮਾਂ ਟਾਲ-ਮਟੋਲ ਕਰਦੀ ਰਹੀ ਅਤੇ ਫਿਰ ਗੱਲ ਕਰਨੀ ਬੰਦ ਕਰ ਦਿੱਤੀ।
ਵੀਰਵਾਰ ਨੂੰ ਉਹ ਲੜਕੀ ਦੇ ਘਰ ਗਏ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਉਨ੍ਹਾਂ ਦੇ ਲੜਕੇ ਨੂੰ ਬੁਰਾ ਭਲਾ ਕਿਹਾ। ਨਮੋਸ਼ੀ ਦੀ ਹਾਲਤ ’ਚ ਉਨ੍ਹਾਂ ਦੇ ਲੜਕੇ ਨੇ ਖੇਤ ਜਾ ਕੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਥਾਣਾ ਹਰਿਆਣਾ ਦੇ ਐੱਸਐੱਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲੜਕੀ, ਉਸ ਦੀ ਮਾਂ, ਭੈਣ, ਮਾਮਾ ਅਤੇ ਵਿਚੋਲੇ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।