ਸਰਬਜੀਤ ਸਿੰਘ ਭੰਗੂ/ਗੁਰਨਾਮ ਚੌਹਾਨ
ਪਟਿਆਲਾ/ਪਾਤੜਾਂ, 5 ਮਈ
ਪਾਤੜਾਂ ਪੁਲੀਸ ਨੇ ਖਾਸਪੁਰ ਪਿੰਡ ਦੇ ਵਸਨੀਕ ਤਰਨਜੀਤ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਕੁੱਤੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦੀ ਵਾਇਰਲ ਵੀਡੀਓ ਦਾ ਕਈਆਂ ਨੇ ਗੰਭੀਰ ਨੋਟਿਸ ਲਿਆ। ਇਸੇ ਵੀਡੀਓ ਨੂੰ ਇੰਸਟਾਗਰਾਮ ’ਤੇ ਸਾਂਝਾ ਕਰਦਿਆਂ ਮਨਸ਼ਾ ਬਾਹਲ ਨਾਮ ਦੀ ਇੱਕ ਅਦਾਕਾਰਾ ਨੇ ਵੀ ਮੁਲਜ਼ਮ ਖ਼ਿਲਾਫ਼ ਕਾਰਵਾਈ ’ਤੇ ਜ਼ੋਰ ਦਿੱਤਾ ਸੀ। ਇਸ ’ਤੇ ਜਾਨਵਰਾਂ ਦੀ ਰੱਖਿਆ ਨੂੰ ਸਮਰਪਿਤ ‘ਪੀਟਾ’ (ਪੀਪਲਜ਼ ਫਾਰ ਐਥੀਕਲ ਟਰੀਟਮੈਂਟ ਫਾਰ ਐਨੀਮਲਜ਼) ਨਾਮ ਦੀ ਕੌਮਾਂਤਰੀ ਸੰਸਥਾ ਨੇ ਘਟਨਾ ਦਾ ਗੰਭੀਰ ਨੋਟਿਸ ਲਿਆ। ਪੀਟਾ ਦੀ ਪ੍ਰਮੁੱਖ ਅਹੁਦੇਦਾਰ ਅਤੇ ਵਕੀਲ ਮੀਤ ਅਸ਼ਰ ਨੇ ਇਸ ਬਾਬਤ ਪਟਿਆਲਾ ਪੁਲੀਸ ਨੂੰ ਈਮੇਲ ਭੇਜੀ, ਜਿਸ ’ਤੇ ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਪਾਤੜਾਂ ਪੁਲੀਸ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਥਾਣਾ ਪਾਤੜਾਂ ਦੇ ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਨੇ ਅੱਜ ਮੁਲਜ਼ਮ ਤਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਵੱਲੋਂ ਵਰਤੀ ਗਈ 12 ਬੋਰ ਦੀ ਰਾਈਫਲ ਵੀ ਬਰਾਮਦ ਕਰ ਲਈ ਗਈ ਹੈ, ਜੋ ਉਸ ਦੇ ਨਾਮ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੈਟਰਨਰੀ ਸਟਾਫ਼ ਦੀ ਮਦਦ ਨਾਲ ਪੁਲੀਸ ਨੇ ਕੁੱਤੇ ਦੀ ਲਾਸ਼ ਵੀ ਬਰਾਮਦ ਕਰ ਲਈ ਹੈ, ਜਿਸ ਦਾ 6 ਮਈ ਨੂੰ ਵੈਟਰਨਰੀ ਹਸਪਤਾਲ ਸਮਾਣਾ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਕੁੱਤੇ ਨੂੰ ਗੋਲੀ ਮਾਰਨ ਦੀ ਇਹ ਘਟਨਾ 4 ਮਈ ਨੂੰ ਵਾਪਰੀ ਦੱਸੀ ਜਾਂਦੀ ਹੈ।