ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 24 ਸਤੰਬਰ
ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵਲੋਂ ਅੱਜ ਗੁਰੂ ਰਾਮਦਾਸ ਹਸਪਤਾਲ ਦੇ ਬਾਹਰ ਧਾਰਮਿਕ ਸੰਸਥਾ ਵਲੋਂ ਸੜਕ ਉਪਰ ਬੁਰਜੀਆਂ/ਐਂਗਲ ਲਗਾ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਇਆ ਗਿਆ। ਇਸ ਦੇ ਨਾਲ ਹੀ ਰਾਮਬਾਗ ਚੌਕ ਦੇ ਨਜ਼ਦੀਕ ਨਾਜਾਇਜ਼ ਤੌਰ ’ਤੇ ਸੜਕ ਉਪਰ ਬਣੇ ਖੋਖੇ ਅਤੇ ਮਜੀਠਾ ਰੋਡ ਉਪਰ ਹੋਏ ਨਾਜਾਇਜ਼ ਆਰਜ਼ੀ ਕਬਜ਼ਿਆਂ ਨੂੰ ਮੌਕੇ ਤੋਂ ਹਟਾਇਆ। ਇਸ ਸਬੰਧੀ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਕੁੱਲ 12 ਪਾਰਕਿੰਗਾਂ, ਸਟੈਂਡਾਂ ਵਿੱਚੋਂ 5 ਪਾਰਕਿੰਗਾਂ ਤੇ ਸਟੈਂਡਾਂ ਨੂੰ ਈ-ਟੈਂਡਰਿੰਗ ਰਾਹੀਂ ਲੈਣ ਸਬੰਧੀ ਟੈਂਡਰ ਪ੍ਰਾਪਤ ਹੋਏ ਸਨ ਅਤੇ ਇਨ੍ਹਾਂ 5 ਪਾਰਕਿੰਗ ਸਟੈਂਡਾਂ ਵਿਚੋਂ ਬਾਹਰਵਾਰ ਗੁਰੂ ਨਾਨਕ ਭਵਨ ਪਾਰਕਿੰਗ ਸਟੈਂਡ ਅਤੇ ਫਾਇਰ ਬ੍ਰੀਗੇਡ ਸਦਰ ਥਾਣੇ ਤੋਂ ਅਮਨਦੀਪ ਹਸਪਤਾਲ, ਹੋਟਲ ਮਯੂਰ ਤੇ ਅਮਨਦੀਪ ਹਸਪਤਾਲ ਤੋਂ ਕੇਅਰਵੈਲ ਹਸਪਤਾਲ ਪਾਰਕਿੰਗ ਸਟੈਂਡ ਦੇ ਸਫਲ ਬੋਲੀਕਾਰਾਂ ਵਲੋਂ ਈ-ਟੈਂਡਰਿੰਗ ਦੀਆਂ ਸ਼ਰਤਾਂ ਅਨੁਸਾਰ ਕੁੱਲ ਰਕਮ ਵਿਚੋਂ 50 ਫੀਸਦ ਰਕਮ ਨਗਰ ਨਿਗਮ ਦੇ ਫੰਡ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਤੇ ਇਨ੍ਹਾਂ ਸਫਲ ਬੋਲੀਕਾਰਾਂ ਨੂੰ ਅਸਟੇਟ ਵਿਭਾਗ ਵਲੋਂ ਅਲਾਟਮੈਂਟ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ। ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ ਇੰਸਪੈਕਟਰ, ਅਰੁਣ ਸਹਿਜਪਾਲ ਕਲਰਕ, ਵਿਭਾਗੀ ਅਮਲਾ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਸਨ।