ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 22 ਜਨਵਰੀ
ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਗਾਇਆ ਗਿਆ। ਇਸ ਲੜੀਵਾਰ ਖੂਨਦਾਨ ਕੈਂਪ ਰਾਹੀਂ ਹੁਣ ਤਕ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਉਪ ਰਾਸ਼ਟਰਪਤੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਪ੍ਰਧਾਨ ਯੂਐੱਨਓ ਨੂੰ ਖ਼ੂਨ ਨਾਲ 28 ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹਨ। ਅੱਜ ਦੇ ਖੂਨਦਾਨ ਕੈਂਪ ਦਾ ਉਦਘਾਟਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤਾ। ਇਸ ਮੌਕੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 29ਵੀਂ ਖੂਨ ਦੀ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਲਿਖੀ ਤੇ ਇਸ ਚਿੱਠੀ ’ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਭਾਈ ਅਮਰਜੀਤ ਚਾਵਲਾ ਨੇ ਦਸਤਖ਼ਤ ਕੀਤੇ। ਇਹ ਖੂਨ ਭਿੱਜੀ ਚਿੱਠੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਗੁਰਦੀਪ ਸਿੰਘ ਸਿੱਧੂ ਰਾਹੀਂ ਸਰਕਾਰ ਨੂੰ ਭੇਜੀ ਗਈ। ਚਿੱਠੀ ਰਾਹੀਂ ਮੋਦੀ ਸਰਕਾਰ ਦੀ ਸ਼ਹਿ ਹੇਠ ਭਾਰਤੀ ਮੀਡੀਆ ਵੱਲੋਂ ਖੇਤੀ ਕਾਨੂੰਨ ਦੀ ਤੁਲਨਾ ਜਫ਼ਰਨਾਮੇ ਨਾਲ ਕਰਨ ’ਤੇ ਇਤਰਾਜ ਪ੍ਰਗਟਾਉਂਦਿਆਂ ਕਿਹਾ ਗਿਆ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਖ਼ੂਨ ਨਾਲ ਲਿਖੀ ਇਹ ਚਿੱਠੀ ਦਿੱਲੀ ਤਖ਼ਤ ’ਚ ਕਿੱਲ ਸਾਬਤ ਹੋਵੇਗੀ। ਚਿੱਠੀ ਰਾਹੀਂ ਭੀੜ ਪੈਣ ’ਤੇ ਕੌਮ ਦੇ ਇਕਜੁੱਟ ਹੋਣ ਦੀ ਸਰਾਹਨਾ ਕੀਤੀ ਗਈ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡਟੇ ਰਹਿਣ ਦਾ ਅਹਿਦ ਦੁਹਰਾਇਆ।