ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜੂਨ
ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਅੱਜ ਇਥੇ ਸ੍ਰੀ ਅਕਾਲ ਤਖ਼ਤ ਨੇੜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸੰਗਤ ਦੇ ਦਰਸ਼ਨ ਲਈ ਰੱਖਿਆ ਗਿਆ ਹੈ। ਇੱਥੇ ਵੱਡੀ ਗਿਣਤੀ ਸੰਗਤ ਨੇ ਇਸ ਜ਼ਖ਼ਮੀ ਪਾਵਨ ਸਰੂਪਾਂ ਦੇ ਦਰਸ਼ਨ ਕੀਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਾਲ ਘੱਲੂਘਾਰਾ ਹਫ਼ਤੇ ਦੌਰਾਨ ਇਸ ਪਾਵਨ ਸਰੂਪ ਨੂੰ 37 ਸਾਲ ਬਾਅਦ ਪਹਿਲੀ ਵਾਰ ਸੰਗਤ ਦੇ ਦਰਸ਼ਨ ਵਾਸਤੇ ਲਿਆਂਦਾ ਗਿਆ ਸੀ। ਇਸੇ ਤਹਿਤ ਐਤਕੀਂ ਮੁੜ ਇਸ ਪਾਵਨ ਸਰੂਪ ਨੂੰ ਸੰਗਤ ਦਰਸ਼ਨ ਲਈ ਲਿਆਂਦਾ ਗਿਆ ਹੈ। ਸੰਗਤ 5 ਜੂਨ ਤੱਕ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਇਸ ਪਾਵਨ ਸਰੂਪ ਦੇ ਦਰਸ਼ਨ ਕਰ ਸਕੇਗੀ। ਜ਼ਖ਼ਮੀ ਸਰੂਪ ਦੇ ਨਾਲ ਇਸ ਵਿੱਚ ਲੱਗੀ ਗੋਲੀ ਵੀ ਸੰਗਤ ਨੂੰ ਦਿਖਾਈ ਜਾ ਰਹੀ ਹੈ। ਅੱਜ ਪਹਿਲੇ ਦਿਨ ਇਸ ਸਰੂਪ ਨੂੰ ਸੁਸ਼ੋਭਿਤ ਕਰਨ ਦੀ ਸੇਵਾ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਨਿਭਾਈ, ਜਦੋਂ ਕਿ ਸੰਗਤ ਨੂੰ ਜਾਣਕਾਰੀ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਜ਼ਖ਼ਮੀ ਸਰੂਪ ਸਿੱਖ ਕੌਮ ’ਤੇ ਹੋਏ ਜ਼ੁਲਮ ਦੀ ਮੂੰਹ ਬੋਲਦੀ ਤਸਵੀਰ ਹੈ, ਜਿਸ ਨੂੰ ਦੇਖ ਕੇ ਹਰ ਮਨੁੱਖ ਦਾ ਹਿਰਦਾ ਪੀੜਾ ਨਾਲ ਭਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਰੂਪ ਦੇ ਅੰਗਾਂ ਦੀ ਸੰਭਾਲ ਕਰਨ ਵੇਲੇ ਗੋਲੀ ਲੱਗਣ ਨਾਲ ਖਿੰਡ ਕੇ ਬਾਹਰ ਆਏ ਅੱਖ਼ਰ ਵੀ ਸੰਭਾਲ ਕੇ ਰੱਖੇ ਗਏ ਹਨ। ਇਹ ਗੋਲੀ ਸ੍ਰੀ ਹਰਿਮੰਦਰ ਸਾਹਿਬ ਦੀ ਦੱਖਣੀ ਬਾਹੀ ਤੋਂ ਅੰਦਰ ਆ ਕੇ ਸਰੂਪ ਨੂੰ ਲੱਗੀ ਸੀ। ਗੋਲੀ ਲੱਗਣ ਕਾਰਨ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ 16ਵੀਂ ਅਸ਼ਟਪਦੀ ਤੱਕ ਅੰਗ ਜ਼ਖ਼ਮੀ ਹੋਏ ਹਨ।