ਬਹਾਦਰਜੀਤ ਸਿੰਘ
ਰੂਪਨਗਰ, 2 ਸਤੰਬਰ
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਰੋਪੜ ਨੇ ਤੇਜ਼ੀ ਨਾਲ ਇੱਕ ਹੋਰ ਮਾਅਰਕਾ ਮਾਰਦੇ ਹੋਏ ਅੱਜ ਐਲਾਨੇ ਗਏ ਟਾਈਮਜ਼ ਹਾਇਰ ਐਜੂਕੇਸ਼ਨ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2021 ਵਿਚ ਸਿਖਰਲੀ ਸੰਸਥਾ ਦੇ ਰੂਪ ਵਿੱਚ ਉਭਰਦੇ ਵਿਸ਼ਵ ਵਿਚ 351-400 ਰੈਕਿੰਗ ਦੇ ਪੈਮਾਨੇ ’ਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐੱਸਸੀ) ਬੰਗਲੁਰੂ ਦੇ ਮਗਰੋਂ ਦੇਸ਼ ’ਚ ਦੂਜਾ ਸਥਾਨ ਹਾਸਲ ਕੀਤਾ ਹੈ।
ਆਈਆਈਟੀ, ਰੋਪੜ ਦੇ ਨਿਰਦੇਸ਼ਕ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਇਹ ਸੰਸਥਾ ਆਪਣੀ ਵਿਸ਼ਵ-ਵਿਆਪੀ ਪ੍ਰਤੀਯੋਗਤਾ ਲਈ ਦੁਨੀਆਂ ਭਰ ਵਿਚ ਮਸ਼ਹੂਰ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਰੈਂਕਿੰਗ ਮਹੱਤਵਪੂਰਨ ਹੈ ਕਿਉਂਕਿ ਆਈਆਈਟੀ ਰੋਪੜ ਦਾ ਦ੍ਰਿਸ਼ਟੀਕੋਣ ਇਸ ਸਦੀ ਵਿੱਚ ਪੈਦਾ ਹੋਈਆਂ ਤਕਨਾਲੋਜੀ ਸੰਸਥਾਵਾਂ ਵਿਚੋਂ ਉੱਭਰ ਕੇ ਇੱਕ ਮਿਸਾਲ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮਿਹਨਤੀ ਸਟਾਫ, ਵਿਦਿਆਰਥੀਆਂ ਤੇ ਕਰਮਚਾਰੀਆਂ ਸਦਕਾ ਹੀ ਸੰਭਵ ਹੋਇਆ ਹੈ।
ਪੀਯੂ ਦਾ ਦੇਸ਼ ਭਰ ’ਚੋਂ ਚੌਥਾ ਰੈਂਕ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਨੂੰ ਇਸ ਵਾਰ ਦੇਸ਼ ਵਿੱਚ ਚੌਥਾ ਰੈਂਕ ਮਿਲਿਆ ਹੈ। ਇਹ ਰੈਂਕਿੰਗ ਅਧਿਆਪਨ, ਖੋਜ, ਸਾਈਟੇਸ਼ਨ, ਸਨਅਤੀ ਆਮਦਨ, ਇੰਟਰਨੈਸ਼ਨਲ ਆਊਟਲੁਕ ਦੇ ਆਧਾਰ ’ਤੇ ਦਿੱਤੀ ਜਾਂਦੀ ਹੈ। ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।