ਪਾਲ ਸਿੰਘ ਨੌਲੀ
ਜਲੰਧਰ, 6 ਜਨਵਰੀ
ਪੇਂਡੂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੋਕ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਦੋਆਬਾ ਜ਼ੋਨ ਦੀ ਕਨਵੈਨਸ਼ਨ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ। ਦੋਹਾਂ ਜਥੇਬੰਦੀਆਂ ਨੇ ਐਲਾਨ ਕੀਤਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਹਜ਼ਾਰਾਂ ਦਲਿਤ ਮਜ਼ਦੂਰ ਦਿੱਲੀ ਨੂੰ ਕੂਚ ਕਰਨਗੇ। ਇਸ ਦੌਰਾਨ ਜਥੇਬੰਦੀਆਂ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਹਨੇਰੇ ’ਚ ਧੱਕਣ ਦਾ ਕੰਮ ਕਰਨਗੇ ਕਿਉਂਕਿ ਜੇ ਕਿਸਾਨ ਕੋਲ ਜ਼ਮੀਨ ਨਹੀਂ ਰਹੇਗੀ ਤਾਂ ਮੰਡੀਆਂ ਤੇ ਖੇਤਾਂ ’ਚ ਕੰਮ ਕਰਦੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ ਜਾਣਾ ਹੈ। ਜ਼ਰੂਰੀ ਵਸਤਾਂ ਸਟੋਰੇਜ ਐਕਟ ਤਹਿਤ ਮਹਿੰਗਾਈ ਨੇ ਕਈ ਗੁਣਾ ਵਧਣਾ ਹੈ, ਜੋ ਮਜ਼ਦੂਰ ਵਿਰੋਧੀ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਅਡਾਨੀ ਅੰਬਾਨੀ ਅੱਗੇ ਝੁਕੀ ਹੋਈ ਹੈ, ਜਿਸ ਕਾਰਨ ਉਹ ਇਨ੍ਹਾਂ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਇਹ ਕਾਨੂੰਨ ਰੱਦ ਕਰਵਾਉਣ ਲਈ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਤੋਂ ਪਹਿਲਾਂ ਹਜ਼ਾਰਾਂ ਮਜ਼ਦੂਰ ਦਿੱਲੀ ਨੂੰ ਕੂਚ ਕਰਨਗੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਮਹਿੰਦਰ ਖੈਰੜ, ਹੰਸ ਰਾਜ ਪੱਬਵਾਂ, ਨਿਰਮਲ ਸੱਧਾ, ਐਡਵੋਕੇਟ ਇੰਦਰਜੀਤ ਸਿੰਘ, ਸ਼੍ਰੋਮਣੀ ਰੰਗਰੇਟਾ ਦਲ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ, ਬਹੁਜਨ ਸਮਾਜ ਫਰੰਟ ਦੇ ਆਗੂ ਸੁਖਵਿੰਦਰ ਕੋਟਲੀ, ਅਲੀ ਤੇ ਅਨਿਲ ਹੰਸ ਨੇ ਵੀ ਸੰਬੋਧਨ ਕੀਤਾ।
ਮੰਡੀ ਕਿੱਲਿਆਂਵਾਲੀ ਤੋਂ ਅੱਜ ਰਵਾਨਾ ਹੋਣਗੇ ਸੈਂਕੜੇ ਮਜ਼ਦੂਰ
ਲੰਬੀ (ਇਕਬਾਲ ਸਿੰਘ ਸ਼ਾਂਤ): ਮਾਲਵੇ ਦੇ ਜੁਝਾਰੂ ਖੇਤੀ ਕਾਮੇ ਵੀ ਖੇਤੀ ਕਾਨੂੰਨਾਂ ਦੀ ਅਸਲ ਮਾਰ ਨੂੰ ਪਛਾਣ ਕੇ ਕਿਸਾਨੀ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਰੀਦਕੋਟ ਤੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੈਂਕੜੇ ਕਾਰਕੁਨ ਭਲਕੇ 7 ਜਨਵਰੀ ਨੂੰ ਦਾਣਾ ਮੰਡੀ ਕਿੱਲਿਆਂਵਾਲੀ ਵਿੱਚ ਰੈਲੀ ਕਰਨ ਮਗਰੋਂ ਦਿੱਲੀ ਵੱਲ ਕੂਚ ਕਰਨਗੇ। ਲੰਬੀ ਹਲਕੇ ਦੇ ਖੇਤ ਮਜ਼ਦੂਰਾਂ ਨੇ ਸੂਬਾ ਕਮੇਟੀ ਦੇ ਸੱਦੇ ’ਤੇ ਮੋਰਚੇ ਵਿੱਚ ਸ਼ਮੂਲੀਅਤ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਆਗੂ ਕਾਲਾ ਤੇ ਮਹਿਲਾ ਆਗੂ ਗੁਰਮੇਲ ਕੌਰ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਸੱਦੇ ’ਤੇ ਇਲਾਕੇ ਦੇ ਖੇਤ ਮਜ਼ਦੂਰਾਂ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰੀ ਰੋਹ ਪਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਡੇਢ ਹਫਤੇ ਤੋਂ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਅਤੇ ਰੋਸ ਮੁਜ਼ਾਹਰਿਆਂ ਵਿੱਚ ਮਜ਼ਦੂਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਹੌਲੀ-ਹੌਲੀ ਖੇਤ ਮਜ਼ਦੂਰ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਸਮਝਣ ਲੱਗੇ ਹਨ।