ਪੱਤਰ ਪ੍ਰੇਰਕ
ਬਸੀ ਪਠਾਣਾਂ, 25 ਨਵੰਬਰ
ਇਥੋਂ ਦੀ ਪੁਰਾਤਨ ਜੇਲ੍ਹ ਵਿੱਚ ਚੱਲ ਰਹੇ ਸੁੰਦਰੀਕਰਨ ਦੇ ਕੰਮ ਦੌਰਾਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਇਸ ਜੇਲ੍ਹ ਵਿੱਚ ਪੁਰਾਤਤਵ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਦੀ ਯਾਦਗਾਰ ਬਣਾਈ ਜਾ ਰਹੀ ਹੈ। ਅੱਜ ਸਵੇਰੇ ਪਰਵਾਸੀ ਮਜ਼ਦੂਰ ਮਨੋਜ ਕੁਮਾਰ (26) ਜੇਲ੍ਹ ਦੇ ਕਮਰੇ ਦੀ ਛੱਤ ’ਤੇ ਕੰਮ ਰਿਹਾ ਸੀ ਤਾਂ ਅਚਾਨਕ ਨੇੜਿਓਂ ਪੁਰਾਣਾ ਦਰੱਖਤ ਛੱਤ ਉੱਤੇ ਡਿੱਗ ਪਿਆ ਤੇ ਦਰੱਖਤ ਦੀ ਲਪੇਟ ’ਚ ਆਉਣ ਕਾਰਨ ਮਨੋਜ ਕੁਮਾਰ ਦੀ ਮੌਤ ਹੋ ਗਈ। ਸਿਟੀ ਪੁਲੀਸ ਚੌਕੀ ਦੇ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਮਨੋਜ ਦੀ ਪਤਨੀ ਵੀ ਉਸ ਦੇ ਨਾਲ ਹੀ ਮਜ਼ਦੂਰੀ ਕਰਦੀ ਸੀ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਮਨੋਜ ਦੇ ਭਰਾ ਸੰਤੋਸ਼ ਕੁਮਾਰ ਯਾਦਵ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।